ਮੁੰਬਈ : ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਨੀਤੀਗਤ ਦਰ ’ਚ ਕਟੌਤੀ ਨਾਲ ਨਿੱਜੀ ਖਪਤ ਨੂੰ ਉਤਸ਼ਾਹ ਮਿਲੇਗਾ ਅਤੇ ਨਿੱਜੀ ਕਾਰਪੋਰੇਟ ਨਿਵੇਸ਼ ’ਚ ਸੁਧਾਰ ਹੋਵੇਗਾ। ਉਨ੍ਹਾਂ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ ’ਚ ਇਹ ਗੱਲ ਕਹੀ।
ਇਸ ਦੌਰਾਨ ਉਨ੍ਹਾਂ ਨੇ ਅਤੇ ਐੱਮ. ਪੀ. ਸੀ. ਦੇ 5 ਹੋਰ ਮੈਂਬਰਾਂ ਨੇ ਰੇਪੋ ਦਰ ’ਚ 0.25 ਫੀਸਦੀ ਕਟੌਤੀ ਦੇ ਪੱਖ ’ਚ ਮਤਦਾਨ ਕੀਤਾ। ਗਵਰਨਰ ਮਲਹੋਤਰਾ ਦੀ ਪ੍ਰਧਾਨਗੀ ਵਾਲੀ ਐੱਮ. ਪੀ. ਸੀ. ਨੇ 9 ਅਪ੍ਰੈਲ ਨੂੰ ਛੋਟੀ ਮਿਆਦ ਦੀ ਉਧਾਰੀ ਦਰ ਯਾਨੀ ਰੇਪੋ ’ਚ 0.25 ਫੀਸਦੀ ਦੀ ਕਟੌਤੀ ਕਰ ਕੇ ਇਸ ਨੂੰ 6 ਫੀਸਦੀ ਕਰ ਦਿੱਤਾ ਸੀ। ਫਰਵਰੀ ’ਚ ਵੀ ਇੰਨੀ ਕਟੌਤੀ ਕੀਤੀ ਗਈ ਸੀ।
ਆਰ. ਬੀ. ਆਈ. ਨੇ ਬੁੱਧਵਾਰ ਨੂੰ ਐੱਮ. ਪੀ. ਸੀ. ਬੈਠਕ ਦਾ ਬਿਊਰਾ ਜਾਰੀ ਕੀਤਾ। ਇਸ ’ਚ ਕਿਹਾ ਗਿਆ ਹੈ, ਜਦੋਂ ਖਪਤਕਾਰ ਕੀਮਤਾਂ ’ਤੇ ਆਧਾਰਿਤ ਮਹਿੰਗਾਈ ਫੈਸਲਾਕੁੰਨ ਰੂਪ ਨਾਲ 4 ਫੀਸਦੀ ਦੇ ਆਪਣੇ ਟੀਚੇ ਦੇ ਪੱਧਰ ਦੇ ਆਸ-ਪਾਸ ਹੈ ਅਤੇ ਵਾਧਾ ਅਜੇ ਵੀ ਆਮ ਹੈ ਅਤੇ ਇਸ ’ਚ ਸੁਧਾਰ ਹੋ ਰਿਹਾ ਹੈ ਤਾਂ ਅਜਿਹੇ ’ਚ ਕਰੰਸੀ ਨੀਤੀ ਨੂੰ ਵਾਧੇ ਦੀ ਰਫਤਾਰ ਤੇਜ਼ ਕਰਨ ਲਈ ਘਰੇਲੂ ਮੰਗ ਨੂੰ ਸਮਰਥਨ ਦੇਣਾ ਚਾਹੀਦਾ ਹੈ।
ਮਲਹੋਤਰਾ ਨੇ ਬੈਠਕ ’ਚ ਕਿਹਾ ਕਿ ਇਸ ਨਾਲ ਨਿੱਜੀ ਖਪਤ ਵਧੇਗੀ ਅਤੇ ਨਿੱਜੀ ਕਾਰਪੋਰੇਟ ਨਿਵੇਸ਼ ’ਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਵਾਧੇ-ਮਹਿੰਗਾਈ ਦੇ ਉੱਭਰਦੇ ਰੁਝਾਨਾਂ ਨੂੰ ਵੇਖਦੇ ਹੋਏ ਅੱਗੇ ਵੀ ਕਰੰਸੀ ਨੀਤੀ ਨੂੰ ਉਦਾਰ ਹੋਣਾ ਚਾਹੀਦਾ ਹੈ। ਐੱਮ. ਪੀ. ਸੀ. ਦੀ ਅਗਲੀ ਬੈਠਕ 4-6 ਜੂਨ ਨੂੰ ਹੋਣੀ ਹੈ ।