ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ 'ਚ ਗੁੱਸਾ ਹੈ। ਇਸ ਵਿਚ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਪ੍ਰਵੀਨ ਤੋਗੜੀਆ ਨੇ ਵੱਡਾ ਬਿਆਨ ਦਿੱਤਾ ਹੈ। ਪ੍ਰਵੀਨ ਤੋਗੜੀਆ ਨੇ ਹਿੰਦੂਆਂ ਨੂੰ ਕਸ਼ਮੀਰ ਦੇ ਟੂਰਿਜ਼ਮ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਤੋਗੜੀਆ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਧਰਮ ਪੁੱਛ ਕੇ ਸੈਲਾਨੀਆਂ ਨੂੰ ਮਾਰਿਆ ਗਿਆ। ਇਸ ਤੋਂ ਸਾਫ਼ ਹੈ ਕਿ ਇਹ ਦੇਸ਼ ਦੇ ਹਿੰਦੂਆਂ 'ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਹੁਣ ਕਸ਼ਮੀਰ 'ਚ ਸੈਰ-ਸਪਾਟਾ ਬੰਦ ਕਰਨ। ਮਾਊਂਟ ਆਬੂ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਕੋਡਾਈ ਕੈਨਾਲ, ਮਹਾਬਲੇਸ਼ਵਰ ਅਤੇ ਗੋਆ 'ਚ ਘੁੰਮਣਾ ਸ਼ੁਰੂ ਕਰਨ। ਉਨ੍ਹਾਂ ਨੇ ਹਿੰਦੂਆਂ ਤੋਂ ਕਸ਼ਮੀਰ ਦੇ ਸੈਰ-ਸਪਾਟਾ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਹਮਲੇ 'ਚ ਜਿਹੜੇ ਪਰਿਵਾਰਾਂ ਨੇ ਆਪਣੇ ਪ੍ਰਿਯਜਨਾਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਪ੍ਰਤੀ ਮੇਰੀ ਹਮਦਰਦੀ ਹੈ। ਨਾਲ ਹੀ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦਾ ਹਾਂ।
ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੀ ਬੈਸਰਨ ਘਾਟੀ, ਜਿਸ ਨੂੰ ਲੋਕ ਪਿਆਰ ਨਾਲ 'ਮਿੰਨੀ ਸਵਿਟਜ਼ਰਲੈਂਡ' ਕਹਿੰਦੇ ਹਨ, ਮੰਗਲਵਾਰ ਦੁਪਹਿਰ 2.30 ਵਜੇ ਅਚਾਨਕ ਗੋਲੀਬਾਰੀ ਦੀ ਆਵਾਜ਼ ਨਾਲ ਕੰਬ ਗਈ। ਪਹਾੜਾਂ ਦੀ ਗੋਦ 'ਚ ਵਸੇ ਇਸ ਸੁੰਦਰ ਸਥਾਨ 'ਤੇ ਪਹੁੰਚਣ ਵਾਲੇ ਸੈਲਾਨੀਆਂ ਨੇ ਸ਼ਾਇਦ ਹੀ ਸੋਚਿਆ ਹੋਵੇਗਾ ਕਿ ਉਨ੍ਹਾਂ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਕਿਸੇ ਕਾਲੀਆਂ ਖ਼ਬਰਾਂ ਦੀਆਂ ਸੁਰਖੀਆਂ 'ਚ ਬਦਲ ਜਾਣਗੀਆਂ। ਇਸ ਅੱਤਵਾਦੀ ਹਮਲੇ 'ਚ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ 2 ਵਿਦੇਸ਼ੀ ਅਤੇ 2 ਸਥਾਨਕ ਲੋਕ ਵੀ ਸ਼ਾਮਲ ਹਨ।