ਲਖਨਊ : ਦਿੱਲੀ ਕੈਪੀਟਲਸ ਜਦੋਂ ਮੰਗਲਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਕਰੇਗੀ ਤਾਂ ਉਸਦੀ ਉਮੀਦ ਰਹੇਗੀ ਕਿ ਉਸਦੇ ਸਲਾਮੀ ਬੱਲੇਬਾਜ਼ ਫਾਰਮ ਵਿਚ ਪਰਤ ਕੇ ਟੀਮ ਨੂੰ ਚੰਗੀ ਸ਼ੁਰੂਆਤ ਦੇਣਗੇ।
ਦਿੱਲੀ ਦੇ ਸਲਾਮੀ ਬੱਲੇਬਾਜ਼ ਮੌਜੂਦਾ ਸੈਸ਼ਨ ਵਿਚ ਅਜੇ ਤੱਕ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਉਸ ਨੇ ਸਲਾਮੀ ਜੋੜੀ ਦੇ ਰੂਪ ਵਿਚ ਹੁਣ ਤੱਕ 4 ਬੱਲੇਬਾਜ਼ਾਂ ਦੇ ਤਿੰਨ ਸੁਮੇਲ ਅਜਮਾਏ ਹਨ ਪਰ ਇਸਦੇ ਬਾਵਜੂਦ ਉਸਦੀ ਟੀਮ ਪਿਛਲੇ 5 ਮੈਚਾਂ ਵਿਚ ਪਹਿਲੀ ਵਿਕਟ ਲਈ 23, 34, 00, 09 ਤੇ 00 ਦੌੜਾਂ ਦੀ ਸਾਂਝੇਦਾਰੀ ਹੀ ਨਿਭਾਅ ਸਕੀ ਹੈ। ਦਿੱਲੀ ਨੇ ਹੁਣ ਤੱਕ ਫਾਫ ਡੂ ਪਲੇਸਿਸ, ਜੈਕ ਫ੍ਰੇਜ਼ਰ ਮੈਕਗਰਕ,ਅਭਿਸ਼ੇਕ ਪੋਰੈੱਲ ਤੇ ਕਰੁਣ ਨਾਇਰ ਨੂੰ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਅਜਮਾਇਆ ਹੈ ਪਰ ਉਸ ਨੂੰ ਉਮੀਦਾਂ ਅਨੁਸਾਰ ਨਤੀਜਾ ਨਹੀਂ ਮਿਲਿਆ ਹੈ।
ਇਸਦਾ ਸਬੰਧ ਡੂ ਪਲੇਸਿਸ ਦੀ ਸੱਟ ਨਾਲ ਵੀ ਹੈ ਤੇ ਇਸ ਮੈਚ ਤੋਂ ਪਹਿਲਾਂ ਦੱਖਣੀ ਅਫਰੀਕੀ ਖਿਡਾਰੀ ਦੀ ਫਿਟਨੈੱਸ ’ਤੇ ਸਖਤ ਨਜ਼ਰ ਰਹੇਗੀ। ਦਿੱਲੀ ਦੇ ਸਲਾਮੀ ਬੱਲੇਬਾਜ਼ਾਂ ਦੇ ਪ੍ਰਦਰਸ਼ਨ ’ਤੇ ਵੀ ਹੁਣ ਤੱਕ ਜ਼ਿਆਦਾ ਗੌਰ ਨਹੀਂ ਕੀਤਾ ਗਿਆ ਹੈ ਕਿਉਂਕਿ ਉਸਦੀ ਟੀਮ ਨੇ 7 ਮੈਚਾਂ ਵਿਚੋਂ 5 ਵਿਚ ਜਿੱਤ ਹਾਸਲ ਕੀਤੀ ਹੈ ਤੇ ਕੇ. ਐੱਲ. ਰਾਹੁਲ ਦੀ ਮੌਜੂਦਗੀ ਵਾਲੇ ਮੱਧਕ੍ਰਮ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ।
ਪਰ ਲਖਨਊ ਦੀ ਟੀਮ ਵਿਚ ਦਿਗਵੇਸ਼ ਰਾਠੀ, ਰਵੀ ਬਿਸ਼ਨੋਈ, ਆਵੇਸ਼ ਖਾਨ ਤੇ ਸ਼ਾਰਦੁਲ ਠਾਕੁਰ ਵਰਗੇ ਮਾਹਿਰ ਗੇਂਦਬਾਜ਼ ਹਨ, ਜਿਨ੍ਹਾਂ ਦੇ ਸਾਹਮਣੇ ਦਿੱਲੀ ਦੇ ਬੱਲੇਬਾਜ਼ਾਂ ਨੂੰ ਸੰਭਲ ਕੇ ਖੇਡਣਾ ਪਵੇਗਾ। ਆਵੇਸ਼ ਖਾਨ ਦੀ ਡੈੱਥ ਓਵਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਲਖਨਊ ਨੇ ਪਿਛਲੇ ਮੈਚ ਵਿਚ ਰਾਜਸਥਾਨ ਰਾਇਲਜ਼ ਨੂੰ 2 ਦੌੜਾਂ ਨਾਲ ਹਰਾਇਆ ਸੀ, ਜਿਸ ਨਾਲ ਨਿਸ਼ਚਿਤ ਰੂਪ ਨਾਲ ਉਸਦੀ ਟੀਮ ਦਾ ਮਨੋਬਲ ਵਧਿਆ ਹੋਵੇਗਾ। ਇਸ ਨਾਲ ਉਸਦੀ ਟੀਮ ਨੇ ਦਿਖਾ ਦਿੱਤਾ ਹੈ ਕਿ ਉਹ ਕਿਸੇ ਵੀ ਹਾਲਾਤ ਵਿਚ ਜਿੱਤ ਦਰਜ ਕਰ ਸਕਦੀ ਹੈ।
ਇਸਦੇ ਉਲਟ ਲਖਨਊ ਦੀ ਟੀਮ ਕੋਲ ਮਿਸ਼ੇਲ ਮਾਰਸ਼, ਨਿਕੋਲਸ ਪੂਰਨ ਤੇ ਐਡਨ ਮਾਰਕ੍ਰਾਮ ਦੇ ਰੂਪ ਵਿਚ ਚੋਟੀਕ੍ਰਮ ਵਿਚ ਤਿੰਨ ਧਾਕੜ ਬੱਲੇਬਾਜ਼ ਹਨ, ਜਿਨ੍ਹਾਂ ਨੇ ਅਜੇ ਤੱਕ ਆਪਣੇ ਪ੍ਰਦਰਸ਼ਨ ਨਾਲ ਟੀਮ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਦਿੱਲੀ ਤੇ ਲਖਨਊ ਅਜੇ ਤੱਕ ਚੰਗਾ ਪ੍ਰਦਰਸ਼ਨ ਕਰ ਕੇ 10-10 ਅੰਕ ਹਾਸਲ ਕਰ ਚੁੱਕੀਆਂ ਹਨ ਪਰ ਦੋਵੇਂ ਟੀਮਾਂ ਦੇ ਕਪਤਾਨਾਂ ਦਾ ਪ੍ਰਦਰਸ਼ਨ ਅਜੇ ਤੱਕ ਚਿੰਤਾ ਦਾ ਵਿਸ਼ਾ ਹੈ।