ਨਵੀਂ ਦਿੱਲੀ : ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਸੋਮਵਾਰ ਨੂੰ ਭਾਰਤ ਦੇ ਆਪਣੇ 4 ਦਿਨਾਂ ਦੌਰੇ 'ਤੇ ਇੱਥੇ ਪਹੁੰਚੇ। ਵੈਂਸ ਦੇ ਨਾਲ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਚਿਲੁਕੁਰੀ ਅਤੇ ਉਨ੍ਹਾਂ ਦੇ 3 ਬੱਚੇ ਇਵਾਨ, ਵਿਵੇਕ, ਮੀਰਾਬੇਲ ਅਤੇ ਸੀਨੀਅਰ ਅਮਰੀਕੀ ਸਰਕਾਰੀ ਅਧਿਕਾਰੀਆਂ ਦਾ ਇੱਕ ਵਫ਼ਦ ਵੀ ਭਾਰਤ ਆਇਆ ਹੈ। ਵੈਂਸ ਨੇ ਆਪਣੀ ਭਾਰਤ ਫੇਰੀ ਦੇ ਪਹਿਲੇ ਦਿਨ ਸੋਮਵਾਰ (21 ਅਪ੍ਰੈਲ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਕ 'ਮਹਾਨ ਨੇਤਾ' ਦੱਸਿਆ। ਵੈਂਸ ਨੇ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ 'ਤੇ ਆਪਣੇ ਪਰਿਵਾਰ ਨੂੰ ਦਿੱਤੀ ਗਈ ਨਿੱਘੀ ਮਹਿਮਾਨ ਨਿਵਾਜ਼ੀ ਲਈ ਵੀ ਧੰਨਵਾਦ ਪ੍ਰਗਟ ਕੀਤਾ।
ਪ੍ਰਧਾਨ ਮੰਤਰੀ ਮੋਦੀ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਵੈਂਸ ਨੇ ਕਿਹਾ, "ਅੱਜ ਸ਼ਾਮ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਾ ਸਨਮਾਨ ਦੀ ਗੱਲ ਸੀ। ਉਹ ਇੱਕ ਮਹਾਨ ਨੇਤਾ ਹਨ ਅਤੇ ਉਹ ਮੇਰੇ ਪਰਿਵਾਰ ਪ੍ਰਤੀ ਬਹੁਤ ਦਿਆਲੂ ਸਨ। ਮੈਂ ਭਾਰਤ ਦੇ ਲੋਕਾਂ ਨਾਲ ਸਾਡੀ ਦੋਸਤੀ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਰਾਸ਼ਟਰਪਤੀ ਟਰੰਪ ਦੀ ਅਗਵਾਈ ਹੇਠ ਕੰਮ ਕਰਨ ਲਈ ਉਤਸੁਕ ਕਰਦਾ ਹਾਂ!"
ਵੈਂਸ ਨਾਲ ਮੁਲਾਕਾਤ ਤੋਂ ਬਾਅਦ ਮੋਦੀ ਨੇ ਪੋਸਟ ਕਰਦਿਆਂ ਲਿਖਿਆ ਸੀ, "ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਉਨ੍ਹਾਂ ਦੇ ਪਰਿਵਾਰ ਦਾ ਨਵੀਂ ਦਿੱਲੀ ਵਿੱਚ ਸਵਾਗਤ ਕਰਕੇ ਖੁਸ਼ੀ ਹੋਈ। ਅਸੀਂ ਆਪਣੀ ਅਮਰੀਕਾ ਫੇਰੀ ਅਤੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਤੋਂ ਬਾਅਦ ਤੇਜ਼ ਰਫ਼ਤਾਰ ਪ੍ਰਗਤੀ ਦੀ ਸਮੀਖਿਆ ਕੀਤੀ। ਅਸੀਂ ਵਪਾਰ, ਤਕਨਾਲੋਜੀ, ਰੱਖਿਆ, ਊਰਜਾ ਅਤੇ ਲੋਕਾਂ ਵਿਚਕਾਰ ਆਦਾਨ-ਪ੍ਰਦਾਨ ਸਮੇਤ ਆਪਸੀ ਲਾਭਦਾਇਕ ਸਹਿਯੋਗ ਲਈ ਵਚਨਬੱਧ ਹਾਂ।" ਇੱਕ ਹੋਰ ਪੋਸਟ ਵਿੱਚ ਵੈਂਸ ਨੇ ਕਿਹਾ, "ਮੈਂ ਭਾਰਤ ਨਾਲ ਸਾਡੇ ਦੇਸ਼ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਕਰਦਾ ਹਾਂ, ਅਤੇ ਉਨ੍ਹਾਂ ਦੇ ਦੇਸ਼ ਦੇ ਨਿੱਘੇ ਸਵਾਗਤ ਅਤੇ ਮਹਿਮਾਨ ਨਿਵਾਜ਼ੀ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।"