ਹੈਦਰਾਬਾਦ : ਖਰਾਬ ਫਾਰਮ ਨਾਲ ਜੂਝ ਰਹੀ ਸਨਰਾਈਜ਼ਰਜ਼ ਹੈਦਰਾਬਾਦ ਆਪਣੇ ਘਰੇਲੂ ਮੈਦਾਨ ’ਤੇ ਬੁੱਧਵਾਰ ਨੂੰ ਆਈ. ਪੀ. ਐੱਲ. ਦੇ ਮੈਚ ਵਿਚ ਮੁੰਬਈ ਇੰਡੀਅਨਜ਼ ਨਾਲ ਖੇਡੇਗੀ ਤਾਂ ਉਸਦਾ ਟੀਚਾ ਜਿੱਤ ਦੀ ਰਾਹ ’ਤੇ ਪਰਤਣ ਦਾ ਹੋਵੇਗਾ ਜਦਕਿ ਗੁਆਚੀ ਲੈਅ ਹਾਸਲ ਕਰਨ ਦੀ ਰਾਹ ’ਤੇ ਵਧੀ ਮੁੰਬਈ ਜਿੱਤ ਦਾ ਸਿਲਸਿਲਾ ਕਾਇਮ ਰੱਖਣਾ ਚਾਹੇਗੀ। 7 ਮੈਚਾਂ ਵਿਚੋਂ 2 ਜਿੱਤਾਂ ਤੋਂ ਬਾਅਦ ਸਨਰਾਈਜ਼ਰਜ਼ ਦੀ ਸਥਿਤੀ ਚੰਗੀ ਨਹੀਂ ਹੈ। ਉਸਦੇ ਸਟਾਰ ਬੱਲੇਬਾਜ਼ਾਂ ਨੇ ਉਸ ਨੂੰ ਨਿਰਾਸ਼ ਕੀਤਾ ਜਦਕਿ ਗੇਂਦਬਾਜ਼ ਵੀ ਪ੍ਰਭਾਵਿਤ ਨਹੀਂ ਕਰ ਸਕੇ ਹਨ।
ਸਨਰਾਈਜ਼ਰਜ਼ ਨੂੰ ਹੌਲੀ ਤੇ ਟਰਨਿੰਗ ਪਿੱਚ ’ਤੇ ਦਿੱਕਤਾਂ ਆਈਆਂ ਹਨ। ਪੈਟ ਕਮਿੰਸ ਦੀ ਕਪਤਾਨੀ ਵਾਲੀ ਟੀਮ ਦੋ ਘਰੇਲੂ ਮੈਚ ਵੀ ਹਾਰ ਚੁੱਕੀ ਹੈ। ਵਾਨਖੇੜੇ ਸਟੇਡੀਅਮ ਦੀ ਪੇਚੀਦਾ ਪਿੱਚ ’ਤੇ ਮੁੰਬਈ ਨੇ ਉਸ ਨੂੰ 4 ਵਿਕਟਾਂ ਨਾਲ ਹਰਾਇਆ ਸੀ ਤੇ ਇਸ ਮੈਚ ਵਿਚ ਚੁਣੌਤੀਪੂਰਨ ਹਾਲਾਤ ਦੇ ਸਾਹਮਣੇ ਉਸਦੀਆਂ ਕਮਜ਼ੋਰੀਆਂ ਉਜਾਗਰ ਹੋਈਆਂ। ਸਨਰਾਈਜ਼ਰਜ਼ ਦੇ ਬੱਲੇਬਾਜ਼ਾਂ ਨੇ ਸਪਾਟ ਵਿਕਟਾਂ ’ਤੇ ਚੰਗਾ ਪ੍ਰਦਰਸ਼ਨ ਕੀਤਾ ਹੈ।
ਮੁੰਬਈ ਵਿਰੁੱਧ ਅਨੁਕੂਲ ਪਿੱਚ ’ਤੇ ਖੇਡਣ ਨਾਲ ਉਸਦੇ ਸਾਹਮਣੇ ਗੁਆਚੀ ਲੈਅ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ। ਸਨਰਾਈਜ਼ਰਜ਼ ਦੀ ਬੱਲੇਬਾਜ਼ੀ ਦਾ ਦਾਰੋਮਦਾਰ ਉਸਦੀ ਸਲਾਮੀ ਜੋੜੀ ਅਭਿਸ਼ੇਕ ਸ਼ਰਮਾ ਤੇ ਟ੍ਰੇਵਿਸ ਹੈੱਡ ’ਤੇ ਹੋਵੇਗਾ। ਪਾਵਰਪਲੇਅ ਵਿਚ ਉਨ੍ਹਾਂ ਦਾ ਕਾਮਯਾਬ ਰਹਿਣਾ ਟੀਮ ਲਈ ਬਹੁਤ ਜ਼ਰੂਰੀ ਹੈ। ਅਭਿਸ਼ੇਕ ਨੇ ਪੰਜਾਬ ਕਿੰਗਜ਼ ਵਿਰੁੱਧ ਇੱਥੇ ਪਿਛਲੇ ਮੈਚ ਵਿਚ 55 ਗੇਂਦਾਂ ਵਿਚ 141 ਦੌੜਾਂ ਬਣਾਈਆਂ ਸਨ ਜਿਹੜਾ ਕਿਸੇ ਆਈ. ਪੀ. ਐੱਲ. ਵਿਚ ਕਿਸੇ ਬੱਲੇਬਾਜ਼ ਦਾ ਸਰਵੋਤਮ ਸਕੋਰ ਹੈ। ਹੈੱਡ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਘਾਟ ਚਿੰਤਾ ਦਾ ਵਿਸ਼ਾ ਹੈ। ਸਨਰਾਈਜ਼ਰਜ਼ ਨੂੰ ਆਪਣੇ ਇਸ ਆਸਟ੍ਰੇਲੀਅਨ ਸਟਾਰ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਕਿਉਂਕਿ ਇਸ ਮੈਚ ਵਿਚ ਹਾਰ ਨਾਲ ਟੀਮ ਦੀ ਸਥਿਤੀ ਹੋਰ ਖਰਾਬ ਹੋ ਜਾਵੇਗੀ। ਮੁੰਬਈ ਵਿਰੁੱਧ ਸਨਰਾਈਜ਼ਰਜ਼ ਨੇ 24 ਵਿਚੋਂ ਸਿਰਫ 10 ਮੈਚ ਹੀ ਜਿੱਤੇ ਹਨ ਤੇ 14 ਗੁਆਏ ਹਨ।
ਉੱਥੇ ਹੀ ਮੁੰਬਈ ਲਈ ਆਪਣੇ ਮੈਦਾਨ ਵਿਚੋਂ ਬਾਹਰ ਖੁਦ ਨੂੰ ਅਜਮਾਉਣ ਦਾ ਤੇ ਲੈਅ ਬਰਕਰਾਰ ਰੱਖਣ ਦਾ ਇਹ ਸੁਨਹਿਰੀ ਮੌਕਾ ਹੈ। ਉਸ ਨੇ ਐਤਵਾਰ ਨੂੰ ਫਿਰ ਆਪਣੇ ਮੈਦਾਨ ’ਤੇ ਲਖਨਊ ਸੁਪਰ ਜਾਇੰਟਸ ਵਿਰੁੱਧ ਖੇਡਣਾ ਹੈ। ਮੁੰਬਈ ਲਗਾਤਾਰ ਤਿੰਨ ਜਿੱਤਾਂ ਦੇ ਨਾਲ ਆਈ. ਪੀ. ਐੱਲ. ਵਿਚ ਨਿਰਾਸ਼ਾਜਨਕ ਸ਼ੁਰੂਆਤ ਤੋਂ ਉੱਭਰ ਰਹੀ ਹੈ। 5 ਵਾਰ ਦੀ ਚੈਂਪੀਅਨ ਟੀਮ ਨੇ ਬੱਲੇਬਾਜ਼ਾਂ ਦੀ ਮਦਦਗਾਰ ਵਿਕਟ ’ਤੇ ਚੇਨਈ ਸੁਪਰ ਕਿੰਗਜ਼ ਨੂੰ 9 ਵਿਕਟਾਂ ਨਾਲ ਹਰਾਇਆ।