ਚੰਡੀਗੜ੍ਹ : ਹਰਿਆਣਾ ਮੰਤਰੀ ਮੰਡਲ ਨੇ ਕੇਂਦਰੀ ਹਥਿਆਰਬੰਦ ਫੋਰਸਾਂ ਅਤੇ ਕੇਂਦਰੀ ਹਥਿਆਰਬੰਦ ਪੁਲਸ ਫੋਰਸ (ਸੀ. ਏ. ਪੀ. ਐੱਫ.) ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਐਕਸ-ਗ੍ਰੇਸ਼ੀਆ ਰਕਮ ਨੂੰ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਐਕਸ-ਗ੍ਰੇਸ਼ੀਆ ਰਕਮ 50 ਲੱਖ ਰੁਪਏ ਦੀ ਥਾਂ ਇਕ ਕਰੋੜ ਰੁਪਏ ਹੋ ਗਈ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 2024-25 ਦੇ ਆਪਣੇ ਬਜਟ ਭਾਸ਼ਣ ’ਚ ਸ਼ਹੀਦਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੁਰਬਾਨੀ ਨੂੰ ਮਾਨਤਾ ਦਿੰਦੇ ਹੋਏ ਐਕਸ-ਗ੍ਰੇਸ਼ੀਆ ਰਕਮ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰਨ ਦਾ ਐਲਾਨ ਕੀਤਾ ਸੀ। ਸ਼ਨੀਵਾਰ ਕੈਬਨਿਟ ਦੀ ਮੀਟਿੰਗ ’ਚ ਇਸ ਨੂੰ ਮਨਜ਼ੂਰੀ ਦਿੱਤੀ ਗਈ।
ਸੀ. ਏ. ਪੀ .ਐੱਫ. ਮੁਲਾਜ਼ਮਾਂ ਦੇ ਮਾਮਲੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲਾ ਦੇ ਅਧਿਕਾਰ ਖੇਤਰ ’ਚ ਆਉਂਦੇ ਹਨ। ਜੰਗ ’ਚ ਜਾਨਾਂ ਕੁਰਬਾਨ ਕਰਨ ਵਾਲੇ, ਅੱਤਵਾਦੀ ਹਮਲਿਆਂ, ਕੁਦਰਤੀ ਆਫ਼ਤਾਂ, ਚੋਣਾਂ ਤੇ ਬਚਾਅ ਕਾਰਜਾਂ ਆਦਿ ਦੌਰਾਨ ਸ਼ਹੀਦ ਹੋਣ ਵਾਲੇ ਹਰਿਆਣਾ ਦੇ ਜਵੀਨਾਂ ਨੂੰ ਐਕਸ-ਗ੍ਰੇਸ਼ੀਆ ਦਾ ਭੁਗਤਾਨ ਕੀਤਾ ਜਾਂਦਾ ਹੈ ।
ਹਰਿਆਣਾ ਮੰਤਰੀ ਮੰਡਲ ਨੇ ਸ਼ਹੀਦ ਸਬ-ਇੰਸਪੈਕਟਰ ਜੈ ਭਗਵਾਨ ਦੀ ਪਤਨੀ ਕਮਲੇਸ਼ ਸ਼ਰਮਾ ਨੂੰ ਸ਼ਾਮਲਾਟ ਜ਼ਮੀਨ ’ਚੋਂ 200 ਵਰਗ ਗਜ਼ ਦਾ ਪਲਾਟ ਅਲਾਟ ਕਰਨ ਦੇ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ਹੀਦ ਜੈ ਭਗਵਾਨ ਫਰੀਦਾਬਾਦ ਜ਼ਿਲੇ ਦੇ ਬੱਲਭਗੜ੍ਹ ਬਲਾਕ ਦੇ ਪਿੰਡ ਹੀਰਾਪੁਰ ਦਾ ਵਸਨੀਕ ਸੀ।
ਉਸ ਨੇ 12 ਦਸੰਬਰ 1995 ਨੂੰ ਅੱਤਵਾਦ ਵਿਰੋਧੀ ਆਪਰੇਸ਼ਨ ਦੌਰਾਨ ਆਪਣੀ ਜਾਨ ਕੁਰਬਾਨ ਕੀਤੀ। ਕਮਲੇਸ਼ ਸ਼ਰਮਾ ਕੋਲ ਫਿਲਹਾਲ ਕੋਈ ਮਕਾਨ ਨਹੀਂ ਹੈ।
ਹੁਣ ਮਾਂ ਬੋਲੀ ਦੇ ਨੂੰ ਸਤਿਆਗ੍ਰਹਿੀਆਂ ਨੂੰ ਹਰ ਮਹੀਨੇ 20 ਹਜ਼ਾਰ ਰੁਪਏ ਦੀ ਪੈਨਸ਼ਨ ਮਿਲੇਗੀ। ਸੋਧੀ ਹੋਈ ਸਕੀਮ ਅਨੁਸਾਰ ਲਾਭਪਾਤਰੀਆਂ ਲਈ ਪੈਨਸ਼ਨ ਦੀ ਰਕਮ ਤੁਰੰਤ 15,000 ਰੁਪਏ ਤੋਂ ਵਧਾ ਕੇ 20,000 ਰੁਪਏ ਕਰ ਦਿੱਤੀ ਗਈ ਹੈ। ਪੈਨਸ਼ਨ ਦੀ ਰਕਮ ’ਚ ਵਾਧੇ ਦੇ ਬਾਵਜੂਦ ਯੋਗਤਾ ਦੇ ਪੈਮਾਨੇ ਤੇ ਸਕੀਮ ਦੇ ਹੋਰ ਨਿਯਮ ਤੇ ਸ਼ਰਤਾਂ ਪਹਿਲਾਂ ਵਾਂਗ ਹੀ ਰਹਿਣਗੀਆਂ।