ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੌਰੇ 'ਤੇ ਸਾਊਦੀ ਅਰਬ ਗਏ ਹੋਏ ਹਨ। ਉਨ੍ਹਾਂ ਨੂੰ ਸਾਊਦੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਸੱਦਾ ਭੇਜਿਆ ਗਿਆ ਸੀ। ਇਸ ਮੁਲਾਕਾਤ ਦੌਰਾਨ ਮੋਦੀ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਪ੍ਰਿੰਸ ਸਲਮਾਨ ਨਾਲ ਮੁਲਾਕਾਤ ਕਰਨਗੇ। ਇਸ ਹਾਈ ਪ੍ਰੋਫਾਈਲ ਦੌਰੇ ਮੁਲਾਕਾਤ ਦੌਰਾਨ ਆਰਥਿਕ, ਸੁਰੱਖਿਆ ਤੇ ਸੱਭਿਆਚਾਰਕ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।
22 ਅਪ੍ਰੈਲ ਦਿਨ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਊਦੀ ਲਈ ਰਵਾਨਾ ਹੋ ਗਏ ਤੇ ਦੁਪਹਿਰ ਕਰੀਬ 1.40 ਵਜੇ ਸਾਊਦੀ ਦੇ ਜੇਦਾਹ ਸ਼ਹਿਰ ਵਿਖੇ ਪੁੱਜ ਗਏ। ਹਾਲਾਂਕਿ ਇਹ ਪਿਛਲੇ 10 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਸਾਊਦੀ ਦੀ ਤੀਜੀ ਯਾਤਰਾ ਹੈ, ਪਰ ਉਹ ਉੱਥੋਂ ਦੇ ਜੇਦਾਹ ਸ਼ਹਿਰ ਜਾਣ ਵਾਲੇ 40 ਸਾਲ ਬਾਅਦ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ ਹਨ। ਇਸ ਤੋਂ ਪਹਿਲਾਂ ਸਾਲ 1982 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਾਊਦੀ ਦੇ ਜੇਦਾਹ ਸ਼ਹਿਰ ਦੀ ਯਾਤਰਾ ਕੀਤੀ ਸੀ।
ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼ ਜਿਵੇਂ ਹੀ ਸਾਊਦੀ 'ਚ ਦਾਖ਼ਲ ਹੋਇਆ ਤਾਂ ਉਨ੍ਹਾਂ ਦੇ ਸਨਮਾਨ ਵਜੋਂ ਸਾਊਦੀ ਦੀ ਹਵਾਈ ਫ਼ੌਜ 'ਚ ਤਾਇਨਾਤ ਐੱਫ਼.15 ਜਹਾਜ਼ਾਂ ਨਾਲ ਐਸਕੋਰਟ ਕਰ ਕੇ ਉਨ੍ਹਾਂ ਨੂੰ ਜੇਦਾਹ ਵਿਖੇ ਲੈ ਕੇ ਗਏ।
ਜਾਣਕਾਰੀ ਅਨੁਸਾਰ ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਜੇਦਾਹ ਵਿਖੇ ਇਕ ਫੈਕਟਰੀ ਦਾ ਦੌਰਾ ਵੀ ਕਰਨਗੇ ਤੇ ਉੱਥੇ ਕੰਮ ਕਰਦੇ ਭਾਰਤੀ ਕਾਮਿਆਂ ਨਾਲ ਵੀ ਗੱਲਬਾਤ ਕਰਨਗੇ। ਜ਼ਿਕਰਯੋਗ ਹੈ ਕਿ ਇਸ ਸਮੇਂ ਸਾਊਦੀ 'ਚ ਕਰੀਬ 25 ਲੱਖ ਭਾਰਤੀ ਕੰਮ ਕਰ ਰਹੇ ਹਨ।