ਨਵੀਂ ਦਿੱਲੀ : ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਰੱਖਿਆ ਸਹਿਯੋਗ, ਸਹਿ-ਉਤਪਾਦਨ ਅਤੇ ਸਹਿ-ਵਿਕਾਸ ਪ੍ਰਾਜੈਕਟਾਂ, ਨਵੀਨਤਾ ਅਤੇ ਤਕਨਾਲੋਜੀ ਵਰਗੇ ਖੇਤਰਾਂ 'ਚ ਇਕੱਠੇ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਭਾਰਤ ਦੀ ਯਾਤਰਾ 'ਤੇ ਆਏ ਦੁਬਈ ਦੇ ਕ੍ਰਾਊਨ ਪ੍ਰਿੰਸ ਅਤੇ ਯੂਏਈ ਦੇ ਰੱਖਿਆ ਮੰਤਰੀ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਚਕਾਰ ਹੋਈ ਮੁਲਾਕਾਤ ਦੌਰਾਨ ਦੇਸ਼ਾਂ ਨੇ ਇਸ ਦਿਸ਼ਾ 'ਚ ਆਪਣੀ ਵਚਨਬੱਧਤਾ ਪ੍ਰਗਟ ਕੀਤੀ।
ਸ਼੍ਰੀ ਸਿੰਘ ਨੇ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਯੂਏਈ ਦੇ ਰੱਖਿਆ ਮੰਤਰੀ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਾਲ ਨਵੀਂ ਦਿੱਲੀ 'ਚ ਇਕ ਸਾਰਥਕ ਬੈਠਕ ਹੋਈ। ਭਾਰਤ ਲਈ ਯੂਏਈ ਨਾਲ ਵਿਆਪਕ ਰਣਨੀਤਕ ਸਾਂਝੇਦਾਰੀ ਪ੍ਰਮੁੱਖ ਤਰਜੀਹ ਹੈ। ਆਉਣ ਵਾਲੇ ਸਾਲਾਂ 'ਚ, ਅਸੀਂ ਰੱਖਿਆ ਸਹਿਯੋਗ, ਸਹਿ-ਉਤਪਾਦਨ ਅਤੇ ਸਹਿ-ਵਿਕਾਸ ਪ੍ਰਾਜੈਕਟਾਂ, ਨਵੀਨਤਾ ਅਤੇ ਤਕਨਾਲੋਜੀ ਵਰਗੇ ਖੇਤਰਾਂ 'ਚ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ। ਭਾਰਤ ਅਤੇ ਯੂਏਈ ਦੋਵੇਂ ਹੀ ਖੇਤਰ 'ਚ ਸ਼ਾਂਤੀ ਅਤੇ ਖੁਸ਼ਹਾਲੀ ਦੀ ਦਿਸ਼ਾ 'ਚ ਕੰਮ ਕਰਨ ਲਈ ਵਚਨਬੱਧ ਹਨ।'' ਦੱਸਣਯੋਗ ਹੈ ਕਿ ਕ੍ਰਾਊਨ ਪ੍ਰਿੰਸ ਮਕਤੂਮ ਸੋਮਵਾਰ ਨੂੰ ਭਾਰਤ ਯਾਤਰਾ 'ਤੇ ਰਾਜਧਾਨੀ ਦਿੱਲੀ ਪਹੁੰਚੇ ਸਨ।