ਨਵੀਂ ਦਿੱਲੀ : 2008 'ਚ ਮੁੰਬਈ ਅੱਤਵਾਦੀ ਹਮਲਿਆਂ ਦਾ ਦੋਸ਼ੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆ ਰਿਹਾ ਵਿਸ਼ੇਸ਼ ਜਹਾਜ਼ ਦਿੱਲੀ ਪਹੁੰਚ ਗਿਆ ਹੈ। ਇਹ ਜਹਾਜ਼ ਦਿੱਲੀ ਦੇ ਪਾਲਮ ਟੈਕਨੀਕਲ ਏਅਰਪੋਰਟ 'ਤੇ ਲੈਂਡ ਹੋਇਆ। ਇੱਥੋਂ ਤਹੱਵੁਰ ਨੂੰ ਸਿੱਧੇ ਐੱਨ.ਆਈ.ਏ. ਹੈੱਡ ਕੁਆਰਟਰ ਲਿਜਾਇਆ ਜਾਵੇਗਾ। ਐੱਨ.ਆਈ.ਏ. ਹੈੱਡ ਕੁਆਰਟਰ ਦੇ ਬਾਹਰ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਜੇਲ ਸੂਤਰਾਂ ਅਨੁਸਾਰ, ਰਾਣਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ 'ਚ ਉੱਚ ਸੁਰੱਖਿਆ ਵਾਰਡ 'ਚ ਰੱਖਿਆ ਜਾਵੇਗਾ। ਜੇਲ੍ਹ ਪ੍ਰਸ਼ਾਸਨ ਨੇ ਇਸ ਲਈ ਜ਼ਰੂਰੀ ਇੰਤਜ਼ਾਮ ਕਰ ਲਏ ਹਨ। ਹਾਲਾਂਕਿ ਉਸ ਨੂੰ ਕਦੋਂ ਅਤੇ ਕਿਹੜੇ ਵਾਰਡ 'ਚ ਰੱਖਿਆ ਜਾਵੇਗਾ, ਇਸ ਦਾ ਅੰਤਿਮ ਫ਼ੈਸਲਾ ਕੋਰਟ ਦੇ ਆਦੇਸ਼ ਤੋਂ ਬਾਅਦ ਹੀ ਲਿਆ ਜਾਵੇਗਾ। ਜਾਂਚ ਏਜੰਸੀ ਐੱਨ.ਆਈ.ਏ. ਅਤੇ ਖੁਫੀਆ ਏਜੰਡੀ RAW ਦੀ ਇਕ ਸੰਯੁਕਤ ਟੀਮ ਤਹੱਵੁਰ ਨੂੰ ਲੈ ਕੇ ਬੁੱਧਵਾਰ ਨੂੰ ਅਮਰੀਕਾ ਤੋਂ ਰਵਾਨਾ ਹੋਈ ਸੀ। ਰਾਣਾ ਨੂੰ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਜ ਸਕਦਾ ਹੈ। ਪੇਸ਼ੀ ਤੋਂ ਪਹਿਲਾਂ ਉਸ ਦਾ ਮੈਡੀਕਲ ਟੈਸਟ ਕੀਤਾ ਜਾਵੇਗਾ।
ਮੀਡੀਆ ਰਿਪੋਰਟ ਅਨੁਸਾਰ ਰਾਣਾ ਦੀ ਹਵਾਲਗੀ ਨੂੰ ਲੈ ਕੇ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੂੰ ਵੀ ਹਾਈ ਅਲਰਟ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਇਸ ਮਾਮਲੇ 'ਚ ਐਡਵੋਕੇਟ ਨਰੇਂਦਰ ਮਾਨ ਨੂੰ ਸਪੈਸ਼ਲ ਪਲਬਿਕ ਵਕੀਲ ਵਜੋਂ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਤਿੰਨ ਸਾਲ ਜਾਂ ਫਿਰ ਕੇਸ ਦਾ ਟ੍ਰਾਇਲ ਪੂਰਾ ਹੋਣ ਤੱਕ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਤਹੱਵੁਰ ਨੇ ਭਾਰਤ ਆਉਣ ਤੋਂ ਬਚਣ ਲਈ ਅਮਰੀਕੀ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਉਸ ਨੇ ਆਪਣੀ ਪਟੀਸ਼ਨ 'ਚ ਖ਼ੁਦ ਨੂੰ ਕਿਸੇ ਬੀਮਾਰੀ ਨਾਲ ਪੀੜਤ ਦੱਸਦੇ ਹੋਏ ਕਿਹਾ ਸੀ ਕਿ ਜੇਕਰ ਭਾਰਤ ਡਿਪੋਰਟ ਕੀਤਾ ਗਿਆ ਤਾਂ ਉਸ ਨੂੰ ਤੰਗ ਕੀਤਾ ਜਾ ਸਕਦਾ ਹੈ। ਉੱਥੇ ਹੀ ਪਾਕਿਸਤਾਨ ਨੇ ਰਾਣਾ ਤੋਂ ਦੂਰੀ ਬਣਾਉਂਦੇ ਹੋਏ ਕਿਹਾ ਕਿ ਉਹ ਕੈਨੇਡਾ ਦਾ ਨਾਗਰਿਕ ਹੈ। ਪਾਕਿਸਤਾਨ ਵਿਦੇਸ਼ ਮੰਤਰਾਲਾ ਨੇ ਬੁਲਾਰੇ ਸ਼ਫਕਤ ਅਲੀ ਖਾਨ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਤਹੱਵੁਰ ਰਾਣਾ ਨੇ ਪਿਛਲੇ 2 ਦਹਾਕਿਆਂ ਤੋਂ ਆਪਣੇ ਪਾਕਿਸਤਾਨੀ ਦਸਤਾਵੇਜ਼ ਰਿਨਿਊ ਨਹੀਂ ਕਰਵਾਏ। ਉਸ ਕੋਲ ਕੈਨੇਡਾ ਦੀ ਨਾਗਰਿਕਤਾ ਹੈ।