ਰੋਮ : ਇਟਲੀ ਦੇ ਭਾਰਤੀ ਬੱਚਿਆਂ ਨੇ ਵਿੱਦਿਅਕ ਖੇਤਰਾਂ ਵਿੱਚ ਜਿਹੜੀਆਂ ਨਵੀਆਂ ਪੈੜਾਂ ਪਾਕੇ ਜੋ ਮਾਪਿਆਂ ਸਮੇਤ ਮਹਾਨ ਭਾਰਤ ਦਾ ਨਾਮ ਰੌਸ਼ਨ ਕੀਤਾ ਉਹ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾ ਰਿਹਾ ਹੈ ਤੇ ਇਸ ਕਾਬਲੇ ਤਾਰੀਫ਼ ਕਾਰਵਾਈ ਵਿੱਚ ਭਾਰਤੀ ਬੱਚਿਆਂ ਨੇ ਖੇਡ ਖੇਤਰਾਂ ਵਿੱਚ ਵੀ ਪੂਰੀ ਧੂਮ ਮਚਾਉਣੀ ਸ਼ੁਰੂ ਕੀਤੀ ਹੋਈ ਹੈ। ਜਿਸ ਤਹਿਤ ਸੂਬਾ ਲਾਸੀਓ ਦੇ ਸ਼ਹਿਰ ਚਿਸਤੇਰਨਾ ਦੀ ਲਾਤੀਨਾ ਦੇ ਉੱਘੇ ਸਮਾਜ ਸੇਵਕ ਤੇ ਗੁਰਦੁਆਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਨਛੱਤਰ ਸਿੰਘ ਦੇ ਸਪੁੱਤਰ ਸੁਖਮਨ ਜੋਤ ਸਿੰਘ ਨੇ ਬੀਤੇ ਦਿਨੀ ਰਾਜਧਾਨੀ ਰੋਮ ਦੇ ਮਸ਼ਹੂਰ ਰਿੰਗ ਫਿਆਮੇ ਦੀ ਔਰੋ ਗਰਾਊਂਡ ਵਿੱਚ ਬਾਕਸਿੰਗ ਮੁਕਾਬਲੇ ਦੌਰਾਨ ਹਿੱਕ ਦੇ ਜ਼ੋਰ ਨਾਲ ਗੋਲਡ ਮੈਡਲ ਜਿੱਤ ਕੇ ਭਾਰਤੀ ਭਾਈਚਾਰੇ ਸਮੇਤ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਖੁਸ਼ੀ ਦੇ ਪਲ ਮੌਕੇ ਨਛੱਤਰ ਸਿੰਘ ਦੇ ਪਰਿਵਾਰ ਵਲੋ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਮੇਰੇ ਸਪੁੱਤਰ ਸੁਖਮਨ ਜੋਤ ਸਿੰਘ ਨੇ ਆਪਣੇ ਸਵਰਗੀ ਦਾਦਾ ਗਿਆਨੀ ਗੁਰਮੇਲ ਸਿੰਘ ਦਾ ਸੁਪਨਾ ਸਾਕਾਰ ਕਰ ਦਿੱਤਾ ਕਿਉਂਕਿ ਛੋਟੇ ਹੁੰਦੇ ਹੀ ਉਸ ਦੇ ਦਾਦਾ ਉਸ ਨੂੰ ਕੁਝ ਕਾਮਯਾਬੀ ਦੇ ਰਾਹ 'ਤੇ ਤੁਰਦਾ ਦੇਖਣਾ ਚਾਹੁੰਦੇ ਸਨ। 17 ਸਾਲਾ ਸੁਖਮਨ ਜੋਤ ਸਿੰਘ ਇਟਲੀ ਦਾ ਹੀ ਜੰਮਪਲ ਹੈ। ਪੜ੍ਹਾਈ ਕਰਨ ਦੇ ਨਾਲ-ਨਾਲ ਹੀ ਉਹ ਸੀਚੀਨੀਆਨੋ ਜਾਨੀ ਨਾਮ ਦੇ ਕੋਚ ਤੋ ਬਾਕਸਿੰਗ ਖੇਡ ਦੀ ਸਿਖਲਾਈ ਲੈ ਰਿਹਾ ਹੈ। ਸੁਖਮਨਜੋਤ ਸਿੰਘ ਦਾ ਮੰਨਣਾ ਹੈ ਕਿ ਉਸ ਨੂੰ ਇਸ ਕਾਮਯਾਬੀ ਤੱਕ ਪਹੁੰਚਾਉਣ ਲਈ ਉਸ ਦੇ ਮਾਪਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਵੀ ਜਾਗਰੂਕ ਕੀਤਾ। ਅੱਜ ਉਸ ਦੀ ਮਿਹਨਤ ਨੂੰ ਬੂਰ ਪਿਆ ਤੇ ਖੇਡ ਖੇਤਰ ਵਿੱਚ ਮਿਲੀ ਕਾਮਯਾਬੀ ਨੇ ਸੋਨ ਤਮਗੇ ਦਾ ਹੱਕਦਾਰ ਬਣਾਇਆ।
ਗੌਰਤਲਬ ਹੈ ਕਿ ਸੁਖਮਨ ਜੋਤ ਸਿੰਘ ਦੇ ਪਿਤਾ ਨਛੱਤਰ ਸਿੰਘ ਸੰਨ 1989 ਤੋਂ ਇਟਲੀ ਵਿੱਚ ਰਹਿ ਰਹੇ ਹਨ ਤੇ 7 ਸਾਲ ਗੁਰਦੁਆਰਾ ਸਾਹਿਬ ਵਿਖੇ ਮੁੱਖ ਸੇਵਾਦਾਰ ਦੀ ਸੇਵਾ ਨਿਭਾਉਣ ਤੋਂ ਬਾਅਦ ਹੁਣ ਗੁਰੂ ਰਾਮਦਾਸ ਸੇਵਾ ਸੁਸਾਇਟੀ ਚਿਸਤੈਰਨਾ ਦੀ ਲਾਤੀਨਾ ਵੱਲੋਂ ਸੰਗਤਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੇ ਸਪੁੱਤਰ ਨੂੰ ਬਾਕਸਿੰਗ ਮੁਕਾਬਲੇ ਵਿੱਚ ਸੋਨ ਤਮਗਾ ਮਿਲਣ 'ਤੇ ਰਿਸ਼ਤੇਦਾਰਾਂ, ਦੋਸਤਾਂ ਸਮੇਤ ਇਟਲੀ ਦੇ ਭਾਰਤੀ ਭਾਈਚਾਰੇ ਸਮੇਤ ਇਟਲੀਅਨ ਭਾਈਚਾਰੇ ਵੱਲੋਂ ਮੁਬਾਰਕਬਾਦ ਦਿੱਤੀ ਜਾ ਰਹੀ ਹੈ।