ਫਿਲੌਰ (ਰਾਜੇਸ਼ ਪਾਸੀ) : ਥਾਣਾ ਫਿਲੌਰ ਅਧੀਨ ਪੈਂਦੇ ਪਿੰਡ ਅਕਲਪੁਰ ਵਿਖੇ ਬੀਤੀ ਰਾਤ ਕੁਝ ਵਿਅਕਤੀਆਂ ਨੇ ਪਿੰਡ ਦੇ ਇੱਕ ਵਿਅਕਤੀ ਜਗਤਾਰ ਸਿੰਘ (37-38) ਪੁੱਤਰ ਜਸਵੀਰ ਸਿੰਘ ਵਾਸੀ ਅਕਲਪੁਰ (ਫਿਲੌਰ) ਨੂੰ ਫੋਨ ਕਰਕੇ ਘਰੋਂ ਸੱਦਿਆਂ ਅਤੇ ਜਦੋਂ ਉਹ ਵਿਅਕਤੀ ਉਕਤ ਥਾਂ ਤੇ ਪੁੱਜਾ ਤੇ ਮੌਕੇ ਤੇ ਮੌਜੂਦ 5-6 ਅਣਪਛਾਤੇ ਵਿਅਕਤੀਆਂ ਨੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਹਾਲਤ ਵਿੱਚ ਜ਼ਖ਼ਮੀ ਕਰ ਦਿੱਤਾ। ਰੋਲਾਂ ਪੈਣ ਤੇ ਘਰ ਵਾਲੇ ਅਤੇ ਪਿੰਡ ਵਾਸੀ ਮੌਕੇ ਤੇ ਪੁੱਜੇ। ਉਦੋਂ ਤੱਕ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਜਗਤਾਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਫਿਲੌਰ ਵਿਖੇ ਲਿਆਂਦਾ ਗਿਆ ਤਾਂ ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਮੁਢਲੀ ਸਹਾਇਤਾ ਉਪਰੰਤ ਲੁਧਿਆਣਾ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਜਿਥੇ ਉਹ ਜ਼ਖਮਾਂ ਦੀ ਤਾਬ ਨਾ ਸਹਿੰਦਾ ਹੋਇਆ ਦਮ ਤੋੜ ਗਿਆ। ਮੌਕੇ 'ਤੇ ਪੁੱਜੇ ਡੀ.ਐਸ.ਪੀ ਫਿਲੌਰ ਸਰਵਣ ਸਿੰਘ ਬੱਲ ਅਤੇ ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਭਾਰੀ ਪੁਲਸ ਪਾਰਟੀ ਨਾਲ ਪੁੱਜੇ ਅਤੇ ਕਾਤਲਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾ ਕੇ ਫ਼ੜਨ ਲਈ ਭੇਜ ਦਿੱਤੀਆਂ ਗਈਆਂ ਅਤੇ ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਲਿਆਂਦੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਗਤਾਰ ਸਿੰਘ ਘਰ ਨੂੰ ਚਲਾਉਣ ਵਾਲਾ ਇਕੱਲਾ ਜੀਅ ਸੀ, ਉਹ ਅਪਣੇ ਪਿੱਛੇ ਪਤਨੀ ਤੇ ਦੋ ਮਾਸੂਮ ਬੱਚੇ ਛੱਡ ਗਿਆ।