ਚੰਡੀਗੜ੍ਹ : ਪੰਜਾਬ ਦੇ ਸਕੂਲ ਭਲਕੇ 8 ਜਨਵਰੀ ਖੁੱਲ੍ਹਣ ਜਾ ਰਹੇ ਹਨ, ਜਦਕਿ ਸੂਬੇ ਵਿਚ ਠੰਡ ਦਾ ਕਹਿਰ ਵੀ ਲਗਾਤਾਰ ਜਾਰੀ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਪਿਛਲੇ ਦਿਨੀਂ ਸਰਦੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਸਨ ਜਿਸ ਦੇ ਚੱਲਦੇ ਸਕੂਲੀ ਵਿਦਿਆਰਥੀਆਂ ਨੂੰ 31 ਦਸੰਬਰ ਤੋਂ ਲੈ ਕੇ 7 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ। ਹੁਣ ਜਦੋਂ ਠੰਡ ਲਗਾਤਾਰ ਵੱਧ ਰਹੀ ਹੈ ਅਤੇ ਸਵੇਰ ਸਮੇਂ ਸੰਘਣੀ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ ਤਾਂ ਕਿਆਸ ਲਗਾਏ ਜਾ ਰਹੇ ਹਨ ਅੱਜ ਪੰਜਾਬ ਸਰਕਾਰ ਵਲੋਂ ਛੁੱਟੀਆਂ ਵਧਾਈਆਂ ਜਾ ਸਕਦੀਆਂ ਹਨ।
ਦੱਸਣਯੋਗ ਹੈ ਕਿ ਪੰਜਾਬ ਦੇ ਸਕੂਲਾਂ 'ਚ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਪਰ ਵੱਧ ਰਹੀ ਠੰਡ ਨੂੰ ਦੇਖਦੇ ਹੋਏ ਛੁੱਟੀਆਂ ਹੋਰ ਵਧਾ ਦਿੱਤੀਆਂ ਗਈਆਂ ਸਨ। ਪੰਜਾਬ ਵਿਚ ਸੀਤ ਲਹਿਰ ਚੱਲ ਰਹੀ ਹੈ। ਇਸ ਕਾਰਨ ਮਾਪੇ, ਅਧਿਆਪਕ ਤੇ ਵਿਦਿਆਰਥੀ ਪ੍ਰੇਸ਼ਾਨੀ ਵਿਚ ਹਨ ਅਤੇ ਇਸੇ ਪ੍ਰੇਸ਼ਾਨੀ ਕਰਕੇ ਪੰਜਾਬ ਸਰਕਾਰ ਹੋਰ ਛੁੱਟੀਆਂ ਵਧਾਉਣ ਬਾਰੇ ਵੱਡਾ ਫ਼ੈਸਲਾ ਲੈ ਸਕਦੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਠੰਡ ਨੂੰ ਦੇਖਦੇ ਹੋਏ ਚੰਡੀਗੜ੍ਹ ਵਿਚ 11 ਜਨਵਰੀ ਤੱਕ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਹਰਿਆਣਾ ਵਿਚ ਵੀ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਦੀਆਂ 14 ਜਨਵਰੀ ਤੱਕ ਛੁੱਟੀਆਂ ਹਨ। ਇਸ ਨੂੰ ਦੇਖਦੇ ਹੋਏ ਅੱਜ ਪੰਜਾਬ ਸਰਕਾਰ ਵੀ ਸਕੂਲਾਂ ਵਿਚ ਛੁੱਟੀਆਂ ਦੇ ਵਾਧੇ ਦਾ ਐਲਾਨ ਕਰ ਸਕਦੀ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਸਰਕਾਰ ਛੋਟੀਆਂ ਕਲਾਸਾਂ ਨੂੰ ਛੁੱਟੀਆਂ ਕਰਕੇ ਆਨਲਾਈਨ ਪੜ੍ਹਾਈ ਕਰਨ ਦੇ ਹੁਕਮ ਵੀ ਦੇ ਸਕਦੀ ਅਤੇ ਵੱਡੀਆਂ ਕਲਾਸਾਂ ਦੇ ਬੱਚਿਆਂ ਨੂੰ ਸਕੂਲ ਆਉਣ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ।
ਕੀ ਹੈ ਮੌਸਮ ਦਾ ਹਾਲ
ਮੌਸਮ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਆਲੇ-ਦੁਆਲੇ ਚੱਕਰਵਾਤੀ ਤੂਫ਼ਾਨ ਦੇ ਚਲਦੇ ਸੂਬੇ ‘ਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਚੱਲਦੇ ਵਿਜ਼ੀਬਿਲਟੀ ਜ਼ੀਰੋ ਤਕ ਪਹੁੰਚ ਗਈ ਹੈ ਆਲਮ ਹੈ ਕਿ ਸਵੇਰ ਨੂੰ ਹੈ ਸੰਘਣੀ ਧੁੰਦ ਪੈ ਰਹੀ ਹੈ। ਇਸ ਦੇ ਚੱਲਦੇ ਪੰਜਾਬ ਵਿਚ ਕਈ ਥਾਈਂ ਵੱਡੇ ਹਾਦਸੇ ਵਾਪਰਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਦੂਜੇ ਪਾਸੇ ਪਹਾੜਾਂ 'ਤੇ ਬਰਫ਼ਬਾਰੀ ਜਾਰੀ ਹੈ। ਇਸ ਕਾਰਨ ਵੀ ਮੈਦਾਨੀ ਇਲਾਕਿਆਂ ਵਿਚ ਠੰਡ ਜ਼ੋਰ ਫੜ ਰਹੀ ਹੈ।