ਨਵੀਂ ਦਿੱਲੀ : 2 ਦਿਨਾਂ ਦੌਰੇ 'ਤੇ ਅਮਰੀਕਾ ਗਏ ਹੋਏ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਚੋਣਾਂ ਬਾਰੇ ਗੱਲ ਕਰਦਿਆਂ ਇਕ ਵਾਰ ਫ਼ਿਰ ਤੋਂ ਚੋਣ ਕਮਿਸ਼ਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਚੋਣ ਕਮਿਸ਼ਨ ਸਮਝੌਤਾ ਕਰ ਚੁੱਕਾ ਹੈ।
ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਨੇ ਰਾਹੁਲ ਗਾਂਧੀ ਨੂੰ ਚੋਣ ਪ੍ਰਕਿਰਿਆ ’ਤੇ ਟਿੱਪਣੀਆਂ ਲਈ ‘ਦੇਸ਼ਧ੍ਰੋਹੀ’ ਕਰਾਰ ਦਿੱਤਾ ਅਤੇ ‘ਨੈਸ਼ਨਲ ਹੈਰਾਲਡ’ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਨੂੰ ਲੈ ਕੇ ਚੋਣ ਕਮਿਸ਼ਨ ’ਤੇ ਆਪਣੀ ਭੜਾਸ ਕੱਢਣ ਦਾ ਦੋਸ਼ ਲਗਾਇਆ।
ਗਾਂਧੀ ਦੀ ਟਿੱਪਣੀ ’ਤੇ ਚੁਟਕੀ ਲੈਂਦੇ ਹੋਏ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਨਵੀਂ ਦਿੱਲੀ ਵਿਚ ਕਿਹਾ ਕਿ ਤੁਸੀਂ ਇਨਫੋਰਸਮੈਂਟ ਡਾਇਰੈਕਟੋਰੇਟ (ਨੈਸ਼ਨਲ ਹੈਰਾਲਡ ਮਾਮਲੇ ਵਿਚ ਕਾਰਵਾਈ) ਕਾਰਨ ਚੋਣ ਕਮਿਸ਼ਨ ’ਤੇ ਆਪਣਾ ਗੁੱਸਾ ਕੱਢ ਰਹੇ ਹੋ। ਅਜਿਹਾ ਕਰਨ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ।
ਪਾਤਰਾ ਨੇ ਕਿਹਾ ਕਿ ਤੁਸੀਂ ਇਕ ਗੱਦਾਰ ਹੋ, ਨਾ ਸਿਰਫ਼ ਇਸ ਲਈ ਕਿਉਂਕਿ ਤੁਸੀਂ ਵਿਦੇਸ਼ੀ ਧਰਤੀ ’ਤੇ ਭਾਰਤੀ ਸੰਸਥਾਵਾਂ ਅਤੇ ਭਾਰਤੀ ਲੋਕਤੰਤਰ ਦਾ ਅਪਮਾਨ ਕੀਤਾ ਹੈ, ਸਗੋਂ ਇਸ ਲਈ ਵੀ ਕਿਉਂਕਿ ਤੁਸੀਂ ਅਤੇ ਤੁਹਾਡੀ ਮਾਂ ਨੇ ‘ਨੈਸ਼ਨਲ ਹੈਰਾਲਡ’ ਮਾਮਲੇ ਵਿਚ ਦੇਸ਼ ਦੇ ਕਰੋੜਾਂ ਰੁਪਏ ਦਾ ਗਬਨ ਕੀਤਾ ਹੈ।