ਵਾਰਾਣਸੀ : ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਸ਼ਨੀਵਾਰ ਵਾਰਾਣਸੀ ’ਚ ਕਿਹਾ ਕਿ ਸਾਰੇ ਹਿੰਦੂਆਂ ਲਈ ਸ਼ਮਸ਼ਾਨਘਾਟ, ਮੰਦਰ ਤੇ ਪਾਣੀ ਇਕ ਹੋਣਾ ਚਾਹੀਦਾ ਹੈ। ਸੰਘ ਇਸੇ ਮੰਤਵ ਨਾਲ ਕੰਮ ਕਰ ਰਿਹਾ ਹੈ। ਹਿੰਦੂ ਸਮਾਜ ਦੀਆਂ ਸਾਰੀਆਂ ਜਾਤਾਂ ਤੇ ਭਾਈਚਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਇਹ ਸੰਘ ਦਾ ਦ੍ਰਿਸ਼ਟੀਕੋਣ ਹੈ। ਸੰਘ ਦਾ ਅਰਥ ਹਰ ਕਿਸੇ ਦੀ ਮਦਦ ਕਰਨਾ ਤੇ ਨੌਜਵਾਨ ਸ਼ਕਤੀ ਨੂੰ ਸਹੀ ਦਿਸ਼ਾ ਦੇਣਾ ਹੈ।
ਮੋਹਨ ਭਾਗਵਤ ਨੇ ਬੀ. ਐੱਚ. ਯੂ ’ਚ ਆਈ. ਆਈ. ਟੀ. ਦੇ ਵਿਦਿਆਰਥੀਆਂ ਨੂੰ ਹਿੰਦੂਤਵ ਦਾ ਪਾਠ ਪੜ੍ਹਾਇਆ। ਉਹ ਸ਼ਨੀਵਾਰ ਸਵੇਰੇ ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚੇ। ਇੱਥੇ ਉਨ੍ਹਾਂ ਰਸਮਾਂ ਅਨੁਸਾਰ 15 ਮਿੰਟਾਂ ਤੱਕ ਬਾਬਾ ਦੇ ਦਰਸ਼ਨ, ਪੂਜਾ ਤੇ ਅਭਿਸ਼ੇਕ ਕੀਤਾ। ਨਾਲ ਹੀ ਮੰਤਰਾਂ ਦਾ ਜਾਪ ਵੀ ਕੀਤਾ। ਉਹ ਆਈ. ਆਈ. ਟੀ. ਦੀ ਜਿਮਖਾਨਾ ਗਰਾਊਂਡ ’ਚ 70 ਮਿੰਟ ਰਹੇ। ਉਨ੍ਹਾਂ ਆਈ. ਆਈ. ਟੀ. ਦੇ 100 ਤੋਂ ਵੱਧ ਵਿਦਿਆਰਥੀਆਂ ਨੂੰ ਯੋਗਾ, ਖੇਡਾਂ ਅਤੇ ਵੈਦਿਕ ਮੰਤਰਾਂ ਦਾ ਜਾਪ ਕਰਦੇ ਹੋਏ ਦੇਖਿਆ। ਉਨ੍ਹਾਂ ਨੂੰ ਵੇਖ ਕੇ ਵਿਦਿਆਰਥੀਆਂ ਨੇ ‘ਜੈ ਬਜਰੰਗੀ’, ‘ਭਾਰਤ ਮਾਤਾ ਕੀ ਜੈ’ ਅਤੇ ‘ਵੰਦੇ ਮਾਤਰਮ’ ਦੇ ਨਾਅਰੇ ਲਾਏ।
ਭਾਗਵਤ ਨੇ ਵਿਦਿਆਰਥੀਆਂ ਨੂੰ ਪੁੱਛਿਆ- ਕੀ ਤੁਸੀਂ ਸੰਘ ਨੂੰ ਸਮਝਦੇ ਹੋ? ਮੈਨੂੰ ਦੱਸੋ ਕਿ ਸੰਘ ਕੀ ਹੈ? ਇਸ ’ਤੇ ਵਿਦਿਆਰਥੀਆਂ ਨੇ ਕਿਹਾ ਕਿ ਸੰਘ ਦਾ ਅਰਥ ਹਿੰਦੂਤਵ ਨੂੰ ਉਤਸ਼ਾਹਿਤ ਕਰਨਾ ਤੇ ਸਨਾਤਨ ਦੀ ਰੱਖਿਆ ਕਰਨਾ ਹੈ। ਧਰਮ ਕੋਈ ਵੀ ਹੋਵੇ, ਸਾਰਿਆਂ ਦੀ ਮਦਦ ਕਰਨਾ ਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਣਾ ਇਹੀ ਸੰਘ ਹੈ। ਸੰਘ ਸੰਗਠਨ ਦਾ ਮੰਤਵ ਹਿੰਦੂ ਧਰਮ ਨੂੰ ਮਜ਼ਬੂਤ ਕਰਨਾ ਹੈ। ਹਿੰਦੂਤਵ ਦੀ ਵਿਚਾਰਧਾਰਾ ਨੂੰ ਫੈਲਾਉਣਾ ਪਵੇਗਾ। ਭਾਰਤੀ ਸੱਭਿਆਚਾਰ ਤੇ ਇਸ ਦੀ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣ ਦੇ ਆਦਰਸ਼ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਹਿੰਦੂ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਹਿੰਦੂਤਵ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਪਵੇਗਾ। ਭਾਰਤੀ ਸੱਭਿਆਚਾਰ ਅਤੇ ਇਸ ਦੀ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣ ਦੇ ਆਦਰਸ਼ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਆਓ, ਆਪਣੀ ਭਾਸ਼ਾ, ਸੱਭਿਆਚਾਰ ਤੇ ਰਵਾਇਤਾਂ ਨੂੰ ਬਚਾਉਣ ਲਈ ਖੁਦ ਪਹਿਲ ਕਰੀਏ।