ਲੁਧਿਆਣਾ : ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਭਟਿਆ ਬੇਟ ਚੌਕ ਵਿਚ ਅੱਜ ਸਵੇਰੇ ਤਕਰੀਬਨ 5 ਵਜੇ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਢਾਬੇ ਦੇ ਬਾਹਰ ਸੜਕ ਕੰਢੇ ਖੜ੍ਹੇ ਟਰਾਲੇ ਦੇ ਪਿੱਛੇ ਤੇਜ਼ ਰਫ਼ਤਾਰ ਦੂਜਾ ਟਰਾਲਾ ਟਕਰਾਉਣ ਨਾਲ ਭਿਆਨਕ ਹਾਦਸਾ ਵਾਪਰ ਗਿਆ।
ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਲਡੀਕੋ ਅਸਟੇਟ ਚੌਕੀ ਦੇ ਇੰਚਾਰਜ ਥਾਣੇਦਾਰ ਜਿੰਦਰ ਲਾਲ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 5 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਲੁਧਿਆਣਾ ਨੈਸ਼ਨਲ ਹਾਈਵੇਅ ਦੇ ਉੱਪਰ ਸੜਕ ਕੰਢੇ ਢਾਬੇ ਦੇ ਬਾਹਰ ਖੜ੍ਹੇ ਇਕ ਟਰਾਲੇ ਦੇ ਪਿੱਛੇ ਦੂਜੇ ਟਰਾਲੇ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਪਿੱਛੇ ਵਾਲੇ ਟਰਾਲੇ ਦੇ ਪਰਖੱਚੇ ਉੱਡ ਗਏ। ਫ਼ਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।