ਅਹਿਮਦਾਬਾਦ : ਗੁਜਰਾਤ ਟਾਈਟਨਜ਼ ਤੇ ਰਾਜਸਥਾਨ ਰਾਇਲਜ਼ ਬੁੱਧਵਾਰ ਨੂੰ ਇੱਥੇ ਜਦੋਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ਵਿਚ ਆਹਮੋ-ਸਾਹਮਣੇ ਹੋਣਗੇ ਤਾਂ ਉਨ੍ਹਾਂ ਦੀਆਂ ਨਜ਼ਰਾਂ ਗੇਂਦਬਾਜ਼ੀ ’ਚ ਆਪਣੀਆਂ ਖਾਮੀਆਂ ਨੂੰ ਦੂਰ ਕਰਨ ’ਤੇ ਲੱਗੀਆਂ ਹੋਣਗੀਆਂ। ਟਾਈਟਨਜ਼ ਦੇ ਅਜੇ 6 ਅੰਕ ਹਨ ਤੇ ਇੱਥੇ ਜਿੱਤ ਦਰਜ ਕਰਨ ਨਾਲ ਅੰਕ ਸੂਚੀ ਵਿਚ ਉਸਦੀ ਸਥਿਤੀ ਹੋਰ ਮਜ਼ਬੂਤ ਹੋ ਜਾਵੇਗੀ। ਰਾਇਲਜ਼ ਦੇ 4 ਅੰਕ ਹਨ ਤੇ ਉਹ ਵੀ ਭਵਿੱਖ ਵਿਚ ਕਿਸੇ ਤਰ੍ਹਾਂ ਦੀ ਅਗਰ-ਮਗਰ ਦੀ ਸਥਿਤੀ ਤੋਂ ਬਚਣ ਲਈ ਇੱਥੇ ਜਿੱਤ ਹਾਸਲ ਕਰਨਾ ਚਾਹੇਗੀ। ਇਨ੍ਹਾਂ ਦੋਵਾਂ ਟੀਮਾਂ ਨੂੰ ਅੰਕ ਸੂਚੀ ਵਿਚ ਆਪਣੀ ਸਥਿਤੀ ਮਜ਼ਬੂਤ ਕਰਨੀ ਹੈ ਤਾਂ ਉਨ੍ਹਾਂ ਦੇ ਗੇਂਦਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।
ਗੁਜਰਾਤ ਵੱਲੋਂ ਗੇਂਦਬਾਜ਼ੀ ਵਿਚ ਅਜੇ ਤੱਕ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਤੇ ਸਪਿੰਨਰ ਆਰ. ਸਾਈ ਕਿਸ਼ੋਰ ਹੀ ਚੰਗਾ ਪ੍ਰਦਰਸ਼ਨ ਕਰ ਸਕੇ ਹਨ। ਸਟਾਰ ਸਪਿੰਨਰ ਰਾਸ਼ਿਦ ਖਾਨ ਤੇ ਤਜਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀ ਖਰਾਬ ਫਾਰਮ ਉਸਦੇ ਲਈ ਚਿੰਤਾ ਦਾ ਵਿਸ਼ਾ ਹੈ। ਟੀ-20 ਦੇ ਮਾਹਿਰ ਖਿਡਾਰੀ ਰਾਸ਼ਿਦ ਨੇ ਚਾਰ ਮੈਚਾਂ ਵਿਚ ਸਿਰਫ ਇਕ ਵਿਕਟ ਲਈ ਹੈ ਤੇ ਪ੍ਰਤੀ ਓਵਰ 10 ਤੋਂ ਵੱਧ ਦੌੜਾਂ ਦਿੱਤੀਆਂ ਹਨ। ਆਈ. ਪੀ. ਐੱਲ. ਵਿਚ ਇਹ ਪਹਿਲਾ ਮੌਕਾ ਹੈ ਜਦਕਿ ਅਫਗਾਨਿਸਤਾਨ ਦੇ ਇਸ ਖਿਡਾਰੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਹੈ। ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਵੀ ਤਿੰਨ ਮੈਚਾਂ ਵਿਚ ਸਿਰਫ ਇਕ ਵਿਕਟ ਹਾਸਲ ਕੀਤੀ ਹੈ ਜਦਕਿ ਉਸ ਨੇ ਪ੍ਰਤੀ ਓਵਰ 12 ਦੌੜਾਂ ਦਿੱਤੀਆਂ ਹਨ।
ਗੁਜਰਾਤ ਕੋਲ ਕੋਈ ਬਦਲ ਵੀ ਨਹੀਂ ਹੈ ਕਿਉਂਕਿ ਅਰਸ਼ਦ ਖਾਨ ਜਾਂ ਫਜ਼ਲਹੱਕ ਫਾਰੂਕੀ ਵਰਗੇ ਤੇਜ਼ ਗੇਂਦਬਾਜ਼ ਅਸਲ ਵਿਚ ਪ੍ਰਭਾਵ ਨਹੀਂ ਪਾ ਸਕੇ ਹਨ। ਉਨ੍ਹਾਂ ਦਾ ਸਾਹਮਣਾ ਹੁਣ ਰਾਜਸਥਾਨ ਦੇ ਦਮਦਾਰ ਬੱਲੇਬਾਜ਼ਾਂ ਨਾਲ ਹੋਵੇਗਾ, ਜਿਸ ਵਿਚ ਸੰਜੂ ਸੈਮਸਨ, ਧਰੁਵ ਜੁਰੈਲ, ਰਿਆਨ ਪ੍ਰਾਗ ਤੇ ਨਿਤੀਸ਼ ਰਾਣਾ ਵਰਗੇ ਹਮਲਾਵਰ ਬੱਲੇਬਾਜ਼ ਹਨ। ਇਨ੍ਹਾਂ ਸਾਰਿਆਂ ਨੇ 150 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ।
ਅਹਿਮਦਾਬਾਦ ’ਚ ਅਜੇ ਤੱਕ ਬੱਲੇਬਾਜ਼ਾਂ ਦੀ ਤੂਤੀ ਬੋਲੀ ਹੈ। ਇਸ ਮੈਦਾਨ ’ਤੇ ਖੇਡੀਆਂ ਗਈਆਂ ਚਾਰ ਪੂਰੀਆਂ ਪਾਰੀਆਂ ਵਿਚ ਹੁਣ ਤੱਕ 243, 232, 196 ਤੇ 160 ਦੌੜਾਂ ਬਣੀਆਂ ਹਨ। ਗੁਜਰਾਤ ਦੀ ਬੱਲੇਬਾਜ਼ੀ ਵੀ ਕਾਫੀ ਮਜ਼ਬੂਤ ਹੈ, ਜਿਸ ਵਿਚ ਕਪਤਾਨ ਸ਼ੁਭਮਨ ਗਿੱਲ, ਜੋਸ ਬਟਲਰ, ਸ਼ੇਰਫਨ ਰਦਰਫੋਰਡ ਤੇ ਬੀ. ਸਾਈ ਸੁਦਰਸ਼ਨ ਵਰਗੇ ਧਾਕੜ ਬੱਲੇਬਾਜ਼ ਸ਼ਾਮਲ ਹਨ। ਵਾਸ਼ਿੰਗਟਨ ਸੁੰਦਰ ਨੇ ਪੰਜਾਬ ਕਿੰਗਜ਼ ਵਿਰੁੱਧ 49 ਦੌੜਾਂ ਬਣਾ ਕੇ ਗੁਜਰਾਤ ਦੀ ਬੱਲੇਬਾਜ਼ੀ ਦੀ ਗਹਿਰਾਈ ਦਾ ਚੰਗਾ ਨਮੂਨਾ ਪੇਸ਼ ਕੀਤਾ ਸੀ।