ਖਰੜ (ਪ੍ਰੀਤ ਪੱਤੀ) : ਅੱਖਾਂ ਦੀ ਅਹਿਮੀਅਤ ਉਹ ਇਨਸਾਨ ਹੀ ਸਮਝ ਸਕਦਾ ਹੈ ਜਿਸ ਦੀ ਜ਼ਿੰਦਗੀ ਵਿੱਚ ਹਨੇਰਾ ਰਿਹਾ ਹੋਵੇ ਇਹ ਜਾਣਕਾਰੀ ਦਿੰਦੇ ਹੋਏ ਰੋਟਰੀ ਕਲੱਬ ਖਰੜ ਦੇ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਰੋਟਰੀ ਖਰੜ ਵੱਲੋਂ ਪਿਛਲੇ ਕਈ ਸਾਲਾਂ ਤੋਂ ਲੋੜਵੰਦ ਲੋਕਾਂ ਨੂੰ ਦ੍ਰਿਸ਼ਟੀ ਦਾ ਤੋਹਫਾ ਦੇਣ ਹਿੱਤ ਚਲਾਈ ਮੁਹਿੰਮ ਤਹਿਤ ਇਕ ਹੋਰ ਉੱਘੀ ਸ਼ਖਸ਼ੀਅਤ ਵਿਜੇ ਸਿੰਘ ਭਾਰਦਵਾਜ ਉਮਰ 65 ਸਾਲ (ਪੰਜਾਬ ਸਟੇਟ ਪ੍ਰਧਾਨ ਸ੍ਰੀ ਹਿੰਦੂ ਤਖਤ) ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਗਈਆਂ । ਰੋਟਰੀ ਕਲੱਬ ਖਰੜ ਨੂੰ ਪਰਵੇਸ਼ ਸ਼ਰਮਾ ਭਾਰਤੀ ਨੇ ਜਾਣਕਾਰੀ ਦਿੱਤੀ ਕਿ ਵਿਜੇ ਸਿੰਘ ਭਾਰਦਵਾਜ ਦੀ ਅਚਾਨਕ ਮੌਤ ਹੋ ਗਈ ਹੈ । ਫੇਰ ਰੋਟਰੀ ਕਲੱਬ ਵੱਲੋਂ ਉਹਨਾਂ ਦੇ ਸਪੁੱਤਰ ਸਮਸ਼ੇਰ ਪ੍ਰਤਾਪ ਨੂੰ ਬੇਨਤੀ ਕੀਤੀ ਗਈ । ਉਹਨਾਂ ਦੀ ਪ੍ਰਵਾਨਗੀ ਤੋਂ ਬਾਅਦ ਅੱਖਾਂ ਦੇ ਵਿਭਾਗ, ਪੀ.ਜੀ.ਆਈ ਤੋਂ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਟੀਮ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਮੈਕਸ਼ ਹਸਪਤਾਲ ਮੁਹਾਲੀ ਦੀ ਮੋਰਚਰੀ ਵਿੱਚ ਪਹੁੰਚ ਕੇ ਅੱਖਾਂ ਲੈਣ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ । ਰੋਟਰੀ ਖਰੜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਸਕੱਤਰ ਪਰਵਿੰਦਰ ਸੈਣੀ ਨੇ ਪਰਿਵਾਰ ਦੇ ਜਜਬੇ ਨੂੰ ਸਲਾਮ ਕੀਤਾ ਹੈ । ਜਿਕਰਯੋਗ ਹੈ ਕਿ ਰੋਟਰੀ ਕਲੱਬ ਮਰਨ ਉਪਰੰਤ ਹੁਣ ਤੱਕ 69 ਲੋਕਾਂ ਦੀਆਂ ਅੱਖਾਂ ਦਾਨ ਕਰਵਾ ਚੁੱਕਾ ਹੈ ਤੇ 138 ਲੋਕ ਇਸ ਦੁਨੀਆਂ ਨੂੰ ਦੇਖ ਰਹੇ ਹਨ।