ਵਡੋਦਰਾ : ਸੀਨੀਅਰ ਆਫ ਸਪਿੰਨਰ ਦੀਪਤੀ ਸ਼ਰਮਾ ਨੇ ਕਰੀਅਰ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦੇ ਹੋਏ 31 ਦੌੜਾਂ ਦੇ ਕੇ 6 ਵਿਕਟਾਂ ਲਈਆਂ ਤੇ ਫਿਰ ਬੱਲੇ ਨਾਲ ਵੀ ਯੋਗਦਾਨ ਦਿੱਤਾ, ਜਿਸ ਨਾਲ ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਤੀਜੇ ਤੇ ਆਖਰੀ ਮਹਿਲਾ ਵਨ ਡੇ ਕੌਮਾਂਤਰੀ ਮੈਚ ਵਿਚ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਕੇ 3-0 ਨਾਲ ਕਲੀਨ ਸਵੀਪ ਕੀਤਾ।
ਦੀਪਤੀ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਠਾਕੁਰ (29 ਦੌੜਾਂ ’ਤੇ 4 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ 162 ਦੌੜਾਂ ’ਤੇ ਸਮੇਟ ਦਿੱਤਾ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਚੋਟੀਕ੍ਰਮ ਦੇ ਡਗਮਗਾਉਣ ਦੇ ਬਾਵਜੂਦ 28.2 ਓਵਰਾਂ ਵਿਚ ਜਿੱਤ ਦਰਜ ਕਰਨ ਵਿਚ ਸਫਲ ਰਹੀ।
ਭਾਰਤ ਨੇ 73 ਦੌੜਾਂ ਦੇ ਸਕੋਰ ’ਤੇ 4 ਵਿਕਟਾਂ ਗੁਆ ਦਿੱਤੀਆਂ ਸਨ ਪਰ ਦੀਪਤੀ (48 ਗੇਂਦਾਂ ’ਚ ਅਜੇਤੂ 39 ਦੌੜਾਂ) ਦੇ ਤਜਰਬੇ ਦੇ ਦਮ ’ਤੇ ਟੀਮ 21 ਓਵਰ ਪਹਿਲਾਂ ਟੀਚੇ ਤੱਕ ਪਹੁੰਚ ਗਈ। ਧਮਾਕੇਦਾਰ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ 11 ਗੇਂਦਾਂ ਵਿਚ 23 ਦੌੜਾਂ ਬਣਾ ਕੇ ਅਜੇਤੂ ਰਹੀ।
ਪਿਛਲੇ ਮੈਚ ਦੀ ਸੈਂਕੜਾਧਾਰੀ ਹਰਲੀਨ ਦਿਓਲ (1) ਦੇ ਸਸਤੇ ਵਿਚ ਆਊਟ ਹੋਣ ਤੋਂ ਬਾਅਦ ਭਾਰਤ ਦਾ ਸਕੋਰ 2 ਵਿਕਟਾਂ ’ਤੇ 23 ਦੌੜਾਂ ਸੀ ਪਰ ਕਪਤਾਨ ਹਰਮਨਪ੍ਰੀਤ ਕੌਰ ਨੇ ਐਫੀ ਫਲੇਚਰ ਦੀ ਗੇਂਦ ’ਤੇ ਆਊਟ ਹੋਣ ਤੋਂ ਪਹਿਲਾਂ 22 ਗੇਂਦਾਂ ਵਿਚ 32 ਦੌੜਾਂ ਦੀ ਪਾਰੀ ਖੇਡੀ। ਆਪਣੀ ਪਾਰੀ ਦੌਰਾਨ ਹਰਮਨਪ੍ਰੀਤ ਨੇ 7 ਚੌਕੇ ਲਾਏ ਤੇ ਇਕ ਵੱਡੀ ਸ਼ਾਟ ਲਗਾਉਣ ਦੀ ਕੋਸ਼ਿਸ਼ ਵਿਚ ਆਊਟ ਹੋ ਗਈ।
ਫਾਰਮ ਵਿਚ ਚੱਲ ਰਹੀ ਉਪ ਕਪਤਾਨ ਸਮ੍ਰਿਤੀ ਮੰਧਾਨਾ (4) ਜਲਦੀ ਆਊਟ ਹੋ ਗਈ, ਜਿਸ ਨੂੰ ਅਸ਼ਮਿਨੀ ਮੁਨਿਸਾਰ ਨੇ ਆਲੀਆ ਏਲੇਨੇ ਦੀ ਗੇਂਦ ’ਤੇ ਇਕ ਹੱਥ ਨਾਲ ਕੈਚ ਫੜ ਕੇ ਆਊਟ ਕੀਤਾ। ਉੱਥੇ ਹੀ, ਦਿਓਲ ਵੀ ਡਿਆਂਡ੍ਰਾ ਡੌਟਿਨ ਦੀ ਆਫ ਸਟੰਪ ਦੇ ਬਾਹਰ ਜਾਂਦੀ ਗੇਂਦ ’ਤੇ ਬੱਲਾ ਛੂਆ ਕੇ ਵਿਕਟਕੀਪਰ ਸ਼ੈਮੇਨ ਕੈਂਪਬੇਲ ਨੂੰ ਕੈਚ ਦੇ ਕੇ ਪੈਵੇਲੀਅਨ ਪਰਤ ਗਈ। ਮੱਧਕ੍ਰਮ ਦੀ ਬੱਲੇਬਾਜ਼ ਜੇਮਿਮਾ ਰੋਡ੍ਰਿਗਜ਼ ਨੇ 45 ਗੇਂਦਾਂ ਵਿਚ 29 ਦੌੜਾਂ ਦੀ ਪਾਰੀ ਖੇਡੀ।
ਇਸ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ ਰੇਣੂਕਾ ਨੇ ਕਹਿਰ ਵਰ੍ਹਾਉਂਦੇ ਸ਼ੁਰੂਆਤੀ ਸਪੈੱਲ ਨਾਲ ਵੈਸਟਇੰਡੀਜ਼ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ, ਜਿਸ ਤੋਂ ਬਾਅਦ ਦੀਪਤੀ ਨੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਕੇ ਮਹਿਮਾਨ ਟੀਮ ਨੂੰ 162 ਦੌੜਾਂ ’ਤੇ ਆਲ ਆਊਟ ਕਰ ਦਿੱਤਾ। ਠਾਕੁਰ ਨੇ ਸਟੀਕ ਲਾਈਨ ਤੇ ਲੈਂਥ ਨਾਲ ਗੇਂਦਬਾਜ਼ੀ ਕਰਕੇ ਟਾਪ ਆਰਡਰ ਸਮੇਟ ਦਿੱਤਾ ਤਾਂ ਦੀਪਤੀ ਨੇ ਫਿਰਕੀ ਦਾ ਜਾਲ ਬੁਣ ਕੇ ਮੱਧਕ੍ਰਮ ਤੇ ਹੇਠਲੇਕ੍ਰਮ ਨੂੰ ਰਵਾਨਾ ਕੀਤਾ। ਵਨ ਡੇ ਵਿਚ 5 ਜਾਂ ਵੱਧ ਵਿਕਟਾਂ ਲੈਣ ਦਾ ਕਾਰਨਾਮਾ ਉਸ ਨੇ ਤੀਜੀ ਵਾਰ ਕੀਤਾ ਹੈ ਜਦਕਿ ਦੂਜੀ ਵਾਰ 6 ਵਿਕਟਾਂ ਲਈਆਂ।