ਫਲੋਰਿਡਾ ਦੇ ਕਈ ਸ਼ਹਿਰਾਂ ਵਿੱਚ ਇਨ੍ਹੀਂ ਦਿਨੀਂ ਰੀਅਲ ਅਸਟੇਟ ਬਾਜ਼ਾਰ 'ਚ ਸ਼ਾਂਤੀ ਛਾਈ ਹੋਈ ਹੈ। ਇੱਕ ਅਜਿਹਾ ਇਲਾਕਾ ਜੋ ਕਦੇ ਤੇਜ਼ੀ ਨਾਲ ਵਿਕਣ ਵਾਲੇ ਘਰਾਂ ਅਤੇ ਉੱਚੀਆਂ ਕੀਮਤਾਂ ਲਈ ਜਾਣਿਆ ਜਾਂਦਾ ਸੀ, ਹੁਣ ਉੱਥੇ ਸੈਂਕੜੇ ਨਵੇਂ ਘਰ ਖਾਲੀ ਪਏ ਹਨ। ਇਸ ਦੌਰਾਨ ਇਕ ਰਿਪੋਰਟਰ ਇਨ੍ਹਾਂ ਨਵੇਂ ਬਣੇ ਘਰਾਂ ਦੀ ਕਲੋਨੀ 'ਚ ਗਿਆ, ਜਿੱਥੇ ਜਾ ਕੇ ਉਸ ਨੇ ਦੇਖਿਆ ਕਿ ਇਹ ਸਾਰੇ ਘਰ ਖਾਲੀ ਪਏ ਹੋਏ ਸਨ ਤੇ ਇਨ੍ਹਾਂ ਨੂੰ ਖਰੀਦਣ ਵਾਲਾ ਵੀ ਕੋਈ ਨਹੀਂ ਹੈ।
ਰੀਅਲ ਅਸਟੇਟ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਥਿਤੀ 2007 ਦੇ ਹਾਊਸਿੰਗ ਕਰੈਸ਼ ਦੀ ਯਾਦ ਦਿਵਾਉਂਦੀ ਹੈ। ਉਸ ਸਮੇਂ ਦੌਰਾਨ ਫਲੋਰਿਡਾ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 50% ਤੱਕ ਦੀ ਗਿਰਾਵਟ ਆਈ ਸੀ। ਹੁਣ ਇੱਕ ਵਾਰ ਫਿਰ ਉਹੀ ਮਾਹੌਲ ਬਣਦਾ ਜਾ ਰਿਹਾ ਹੈ। ਇਨ੍ਹਾਂ ਘਰਾਂ ਦੀਆਂ ਕੀਮਤਾਂ ਤਾਂ ਜਾਇਜ਼ ਹਨ, ਪਰ ਇਨ੍ਹਾਂ ਨੂੰ ਕੋਈ ਖਰੀਦਣ ਵਾਲਾ ਹੀ ਨਹੀਂ ਹੈ। 3 ਲੱਖ ਡਾਲਰ ਤੋਂ ਲੈ ਕੇ 3.5 ਲੱਖ ਡਾਲਰ ਦੀ ਰੇਂਜ ਵਾਲੇ ਨਵੇਂ ਘਰ ਵੀ ਆਪਣੇ ਖਰੀਦਦਾਰ ਦੀ ਉਡੀਕ 'ਚ ਹਨ।
ਟੈਂਪਾ, ਸੇਂਟ ਪੀਟ, ਸਾਰਾਸੋਟਾ, ਬ੍ਰੈਡੇਂਟਨ, ਨੇਪਲਜ਼, ਪਾਮ ਬੇਅ ਅਤੇ ਪੋਰਟ ਸੇਂਟ ਲੂਸੀ ਵਰਗੇ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਇੱਥੇ ਘਰ ਨਹੀਂ ਵਿਕ ਰਹੇ ਹਨ ਅਤੇ ਕੀਮਤਾਂ ਹੌਲੀ-ਹੌਲੀ ਘਟਦੀਆਂ ਜਾ ਰਹੀਆਂ ਹਨ। ਮਿਆਮੀ ਵਰਗੇ ਵੱਡੇ ਸ਼ਹਿਰ ਵਿੱਚ ਵੀ, ਰੀਅਲ ਅਸਟੇਟ ਆਪਣੀ ਚਮਕ ਗੁਆ ਰਿਹਾ ਹੈ।
ਕੋਰੋਨਾ ਮਹਾਂਮਾਰੀ ਦੌਰਾਨ ਰੀਅਲ ਅਸਟੇਟ ਵਿੱਚ ਤੇਜ਼ੀ ਨਾਲ ਉਛਾਲ ਆਇਆ ਸੀ। ਲੋਕਾਂ ਨੇ ਮਹਿੰਗੀਆਂ ਕੀਮਤਾਂ 'ਤੇ ਘਰ ਖਰੀਦੇ ਪਰ ਹੁਣ ਜਦੋਂ ਵਿਆਜ ਦਰਾਂ ਕਾਫ਼ੀ ਵਧ ਗਈਆਂ ਹਨ, ਜਦਕਿ ਲੋਕਾਂ ਦੀ ਆਮਦਨ ਸੀਮਤ ਹੈ। ਇਸ ਕਾਰਨ ਲੋਕਾਂ ਨੂੰ ਘਰ ਖਰੀਦਣਾ ਮੁਸ਼ਕਲ ਹੋ ਗਿਆ ਹੈ। ਸਥਾਨਕ ਖਰੀਦਦਾਰ ਇਨ੍ਹਾਂ ਕੀਮਤਾਂ 'ਤੇ ਘਰ ਖਰੀਦਣ ਵਿੱਚ ਦਿਲਚਸਪੀ ਨਹੀਂ ਦਿਖਾ ਰਹੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ 2025 ਵਿੱਚ ਫਲੋਰਿਡਾ ਦਾ ਹਾਊਸਿੰਗ ਬਾਜ਼ਾਰ 'ਚ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ। ਜਿਨ੍ਹਾਂ ਲੋਕਾਂ ਨੇ ਨਿਵੇਸ਼ ਦੇ ਉਦੇਸ਼ਾਂ ਲਈ ਘਰ ਖਰੀਦੇ ਹਨ ਜਾਂ ਹੁਣ ਉਨ੍ਹਾਂ ਨੂੰ ਵੇਚਣਾ ਚਾਹੁੰਦੇ ਹਨ, ਉਨ੍ਹਾਂ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਲਈ ਫਲੋਰਿਡਾ ਵਿੱਚ ਘਰ ਵੇਚਣ ਬਾਰੇ ਸੋਚ ਰਹੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।