ਅੱਜ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਭਾਰਤੀ ਪੁਰਸ਼ ਕ੍ਰਿਕਟ ਖਿਡਾਰੀਆਂ ਲਈ ਸੈਂਟ੍ਰਲ ਕਾਂਟਰੈਕਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਮੁਤਾਬਕ ਸ਼੍ਰੇਅਸ ਅਈਅਰ ਤੇ ਈਸ਼ਾਨ ਕਿਸ਼ਨ ਦੀ ਕੇਂਦਰੀ ਕਰਾਰ 'ਚ ਵਾਪਸੀ ਹੋਈ ਹੈ, ਉੱਥੇ ਹੀ ਨੌਜਵਾਨ ਖਿਡਾਰੀ ਅਭਿਸ਼ੇਕ ਸ਼ਰਮਾ, ਵਰੁਣ ਚਕਰਵਰਤੀ, ਨਿਤੀਸ਼ ਕੁਮਾਰ ਰੈੱਡੀ ਤੇ ਆਕਾਸ਼ ਦੀਪ ਪਹਿਲੀ ਵਾਰ ਇਸ ਕਰਾਰ ਦਾ ਹਿੱਸਾ ਬਣੇ ਹਨ।
ਪਰ ਇਸ ਕਰਾਰ 'ਚੋਂ ਕੁਝ ਭਾਰਤੀ ਸਟਾਰ ਕ੍ਰਿਕਟਰਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ, ਜਿਨ੍ਹਾਂ 'ਚ ਸ਼ਾਰਦੁਲ ਠਾਕੁਰ, ਆਵੇਸ਼ ਖ਼ਾਨ, ਆਰ. ਅਸ਼ਵਿਨ, ਜਿਤੇਸ਼ ਸ਼ਰਮਾ ਤੇ ਕੇ.ਐੱਸ. ਭਰਤ ਸ਼ਾਮਲ ਹਨ।
ਆਰ. ਅਸ਼ਵਿਨ ਨੇ ਦਸੰਬਰ 2024 'ਚ ਆਸਟ੍ਰੇਲੀਆ ਖ਼ਿਲਾਫ਼ ਗਾਬਾ 'ਚ ਖੇਡੇ ਗਏ ਟੈਸਟ ਮੈਚ ਤੋਂ ਬਾਅਦ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਉਹ ਕ੍ਰਿਕਟ ਦੇ ਕਿਸੇ ਵੀ ਫਾਰਮੈਟ 'ਚ ਭਾਰਤੀ ਟੀਮ ਦਾ ਹਿੱਸਾ ਨਹੀਂ ਹੈ। PunjabKesari
ਇਸ ਤੋਂ ਬਾਅਦ ਭਾਰਤ ਦੇ ਸਟਾਰ ਆਲਰਾਊਂਡਰ ਸ਼ਾਰਦੁਲ ਠਾਕੁਰ ਦਸੰਬਰ 2023 'ਚ ਜ਼ਖ਼ਮੀ ਹੋਣ ਕਾਰਨ ਟੀਮ 'ਚੋਂ ਬਾਹਰ ਹੋ ਗਏ ਸਨ ਤੇ ਹਾਲੇ ਤੱਕ ਟੀਮ 'ਚ ਵਾਪਸੀ ਨਹੀਂ ਕਰ ਸਕੇ। ਇਸ ਕਾਰਨ ਉਨ੍ਹਾਂ ਨੂੰ ਕੇਂਦਰੀ ਕਰਾਰ 'ਚ ਬੋਰਡ ਨੇ ਸ਼ਾਮਲ ਨਹੀਂ ਕੀਤਾ।
ਨੌਜਵਾਨ ਤੇਜ਼ ਗੇਂਦਬਾਜ਼ ਆਵੇਸ਼ ਖ਼ਾਨ ਨੂੰ ਵੀ ਇਸ ਕਰਾਰ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਉਹ ਨਵੰਬਰ 2024 ਦੌਰਾਨ ਦੱਖਣੀ ਅਫਰੀਕਾ ਖ਼ਿਲਾਫ਼ ਲੜੀ ਤੋਂ ਬਾਅਦ ਟੀਮ 'ਚ ਵਾਪਸੀ ਨਹੀਂ ਕਰ ਸਕਿਆ ਹੈ, ਜਿਸ ਕਾਰਨ ਉਸ ਨੂੰ ਕਾਂਟਰੈਕਟ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਫਿਲਹਾਲ ਉਹ ਆਈ.ਪੀ.ਐੱਲ. 'ਚ ਲਖਨਊ ਸੁਪਰ ਜਾਇੰਟਸ ਲਈ ਕਾਫ਼ੀ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।
ਭਾਰਤ ਲਈ 9 ਟੀ20 ਮੈਚ ਖੇਡ ਚੁੱਕੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਨੂੰ ਵੀ ਇਸ ਕਰਾਰ 'ਚ ਜਗ੍ਹਾ ਨਹੀਂ ਮਿਲ ਸਕੀ ਹੈ। ਉਹ ਟੀਮ 'ਚ ਮਿਲੇ ਮੌਕਿਆਂ ਦਾ ਪੂਰਾ ਫ਼ਾਇਦਾ ਨਹੀਂ ਉਠਾ ਸਕੇ, ਜਿਸ ਕਾਰਨ ਉਨ੍ਹਾਂ ਨੂੰ ਇਸ ਕਾਂਟਰੈਕਟ 'ਚ ਜਗ੍ਹਾ ਨਹੀਂ ਮਿਲ ਸਕੀ।
ਇਸੇ ਤਰ੍ਹਾਂ ਨੌਜਵਾਨ ਵਿਕਟਕੀਪਰ ਬੱਲੇਬਾਜ਼ ਕੇ.ਐੱਸ. ਭਰਤ ਨੂੰ ਰਿਸ਼ਭ ਪੰਤ ਦੇ ਜ਼ਖ਼ਮੀ ਹੋਣ ਤੋਂ ਬਾਅਦ ਕਾਫ਼ੀ ਮੌਕੇ ਮਿਲੇ, ਪਰ ਉਹ ਵੀ ਇਨ੍ਹਾਂ ਮੌਕਿਆਂ ਦਾ ਪੂਰਾ ਲਾਭ ਨਹੀਂ ਉਠਾ ਸਕੇ, ਜਿਸ ਕਾਰਨ ਬੋਰਡ ਨੇ ਉਨ੍ਹਾਂ ਨੂੰ ਵੀ ਕਰਾਰ 'ਚ ਸ਼ਾਮਲ ਨਹੀਂ ਕੀਤਾ।