ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਹਿਲਗਾਮ ਹਮਲੇ ਮਗਰੋਂ ਏਅਰਲਾਈਨ ਕੰਪਨੀਆਂ ਵੱਲੋਂ ਸ਼੍ਰੀਨਗਰ ਤੋਂ ਵਾਪਸੀ ਦੀਆਂ ਫ਼ਲਾਈਟਾਂ ਦਾ ਕਿਰਾਇਆ ਵਧਾਏ ਜਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਵੀ ਅਜਿਹੀਆਂ ਏਅਰਲਾਈਨਜ਼ ਵਿਰੁੱਧ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਹੈ।
ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ, "ਜੰਮੂ-ਕਸ਼ਮੀਰ ਵਿਚਲੇ ਸੰਕਟ ਦਾ ਫਾਇਦਾ ਚੁੱਕਣ ਵਾਲੀਆਂ ਏਅਰਲਾਈਨ ਕੰਪਨੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਪਹਿਲਗਾਮ ਵਿਚ ਵਾਪਰੇ ਅੱਤਵਾਦੀ ਹਮਲੇ ਤੋਂ ਬਾਅਦ ਸੈਲਾਨੀਆਂ ਤੋਂ ਸ਼੍ਰੀਨਗਰ ਤੋਂ ਵਾਪਸ ਆਉਣ ਲਈ 35,000 ਤੋਂ 75,000 ਰੁਪਏ ਤੱਕ ਦੀ ਮੋਟੀ ਰਕਮ ਵਸੂਲੀ ਜਾ ਰਹੀ ਹੈ, ਜੋ ਕਿ ਬਿਲਕੁਲ ਹੀ ਅਨੈਤਿਕ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੇ ਬਰਾਬਰ ਹੈ।"
ਅਕਾਲੀ ਦਲ ਪ੍ਰਧਾਨ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਵੀ ਬੇਨਤੀ ਕੀਤੀ ਕਿ ਉਹ ਏਅਰਲਾਈਨ ਕੰਪਨੀਆਂ ਦੁਆਰਾ ਕਿਰਾਏ ਦੀਆਂ ਵਧਾਈਆਂ ਕੀਮਤਾਂ ਤੇ ਉਨ੍ਹਾਂ ਦੇ ਅਜਿਹੇ ਮਾੜੇ ਵਿਵਹਾਰ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਘੱਟ ਕਿਰਾਏ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਏਅਰਲਾਈਨ ਕੰਪਨੀਆਂ ਨੂੰ ਵੀ ਅਜਿਹੇ ਸਮੇਂ ਦੇਸ਼ ਭਗਤੀ ਅਤੇ ਹਮਦਰਦੀ ਦਿਖਾਉਣੀ ਚਾਹੀਦੀ ਹੈ - ਕਿਰਾਏ ਸੀਮਤ ਕਰਨੇ ਚਾਹੀਦੇ ਹਨ, ਉਡਾਣਾਂ ਵਧਾਉਣੀਆਂ ਚਾਹੀਦੀਆਂ ਹਨ ਅਤੇ ਇਸ ਸੰਕਟ ਦੇ ਸਮੇਂ ਵਿੱਚ ਮੁਨਾਫ਼ੇ ਨਾਲੋਂ ਯਾਤਰੀਆਂ ਦੀਆਂ ਜ਼ਰੂਰਤਾਂ ਅਤੇ ਸੁਰੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ।