ਮਸ਼ਹੂਰ ਰੈਪਰ ਬਾਦਸ਼ਾਹ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ‘Velvet Flow’ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਗਾਣੇ ਦੇ ਕੁਝ ਹਿੱਸਿਆਂ ਨੂੰ ਲੈ ਕੇ ਈਸਾਈ ਭਾਈਚਾਰੇ ਵਿੱਚ ਡੂੰਘਾ ਗੁੱਸਾ ਦੇਖਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਵੱਲੋਂ ਰੈਪਰ ਖ਼ਿਲਾਫ਼ FIR ਵੀ ਦਰਜ ਕਰਵਾਈ ਗਈ ਹੈ ਅਤੇ ਸੋਸ਼ਲ ਮੀਡੀਆ ਤੋਂ ਗਾਣੇ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਕੀ ਹੈ ਪੂਰਾ ਮਾਮਲਾ?
ਬਾਦਸ਼ਾਹ ਦਾ ਨਵਾਂ ਗੀਤ ‘Velvet Flow’ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਈਸਾਈ ਸੰਗਠਨਾਂ ਨੇ ਦੋਸ਼ ਲਗਾਇਆ ਹੈ ਕਿ ਇਸ ਗਾਣੇ ਵਿੱਚ ਪਵਿੱਤਰ ਬਾਈਬਲ ਅਤੇ ਚਰਚ ਦਾ ਜ਼ਿਕਰ ਅਸ਼ਲੀਲ ਅਤੇ ਅਪਮਾਨਜਨਕ ਸ਼ਬਦਾਂ ਵਿੱਚ ਕੀਤਾ ਗਿਆ ਹੈ, ਜਿਸ ਨਾਲ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਨੇ ਕੀਤੀ ਸ਼ਿਕਾਇਤ
ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਦੇ ਸੂਬਾ ਪ੍ਰਧਾਨ ਪਾਸਟਰ ਗੌਰਵ ਮਸੀਹ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਇੱਕ ਦੋਸਤ ਦਾ ਫੋਨ ਆਇਆ, ਜਿਸਨੇ ਉਨ੍ਹਾਂ ਨੂੰ ਗੀਤ ਬਾਰੇ ਜਾਣਕਾਰੀ ਦਿੱਤੀ। ਗੀਤ ਸੁਣਨ ਤੋਂ ਬਾਅਦ, ਪਾਸਟਰ ਗੌਰਵ ਨੇ ਪਾਇਆ ਕਿ ਇਸ ਵਿੱਚ ਬਾਈਬਲ ਅਤੇ ਚਰਚ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੀਤ ਦੇ ਬੋਲ ਇਹ ਸੰਦੇਸ਼ ਦਿੰਦੇ ਹਨ ਕਿ ਚਰਚ ਕੋਈ ਗੰਭੀਰ ਜਾਂ ਪਵਿੱਤਰ ਸਥਾਨ ਨਹੀਂ ਹੈ, ਸਗੋਂ ਇੱਕ ਡਰਾਉਣੀ ਜਗ੍ਹਾ ਹੈ।
ਅਪਮਾਨਜਨਕ ਸ਼ਬਦਾਂ ਦੀ ਵਰਤੋਂ 'ਤੇ ਗੁੱਸਾ
ਪਾਸਟਰ ਗੌਰਵ ਮਸੀਹ ਨੇ ਗਾਣੇ ਦੀਆਂ ਕੁਝ ਲਾਈਨਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਸ ਵਿਚ ਬਾਈਬਲ ਪੜ੍ਹਨ ਅਤੇ ਘਰ ਬੈਠ ਕੇ ਬੋਰ ਹੋਣ ਬਾਰੇ ਗੱਲਾਂ ਕਹੀਆਂ ਗਈਆਂ ਹਨ, ਜੋ ਦਰਸਾਉਂਦੀਆਂ ਹਨ ਕਿ ਗਾਣੇ ਵਿੱਚ ਪਵਿੱਤਰ ਧਰਮ ਗ੍ਰੰਥ ਅਤੇ ਚਰਚ ਨੂੰ ਨਕਾਰਾਤਮਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਇਸਨੂੰ 'ਅਸ਼ਲੀਲਤਾ ਨਾਲ ਭਰਿਆ ਗੀਤ' ਕਿਹਾ।
ਯੂਟਿਊਬ ਤੋਂ ਗਾਣਾ ਹਟਾਉਣ ਦੀ ਕੀਤੀ ਗਈ ਮੰਗ
ਈਸਾਈ ਭਾਈਚਾਰੇ ਨੇ ਬਾਦਸ਼ਾਹ ਅਤੇ ਉਸਦੇ ਸਾਥੀਆਂ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਬੇਅਦਬੀ ਦੇ ਦੋਸ਼ ਵਿੱਚ FIR ਦਰਜ ਕਰਵਾਈ ਹੈ। ਨਾਲ ਹੀ, ਉਨ੍ਹਾਂ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਇਸ ਗਾਣੇ ਨੂੰ ਯੂਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਤੁਰੰਤ ਹਟਾ ਦਿੱਤਾ ਜਾਵੇ। ਭਾਈਚਾਰੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਤਰ੍ਹਾਂ ਦੀ ਸਮੱਗਰੀ ਧਾਰਮਿਕ ਸਹਿਣਸ਼ੀਲਤਾ ਨੂੰ ਠੇਸ ਪਹੁੰਚਾਉਂਦੀ ਹੈ ਅਤੇ ਸਮਾਜਿਕ ਮਾਹੌਲ ਨੂੰ ਵੀ ਵਿਗਾੜ ਸਕਦੀ ਹੈ।