ਕੀਵ : ਰੂਸ ਨੇ ਬੁੱਧਵਾਰ ਰਾਤ ਨੂੰ ਯੂਕ੍ਰੇਨ 'ਤੇ ਵੱਡੇ ਪੱਧਰ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ, ਜਿਸ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਬੱਚਿਆਂ ਸਮੇਤ 63 ਹੋਰ ਜ਼ਖਮੀ ਹੋ ਗਏ। ਯੂਕ੍ਰੇਨੀ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 'ਕੀਵ ਸਿਟੀ ਮਿਲਟਰੀ ਐਡਮਿਨਿਸਟ੍ਰੇਸ਼ਨ' ਨੇ ਆਪਣੇ 'ਟੈਲੀਗ੍ਰਾਮ' ਚੈਨਲ 'ਤੇ ਕਿਹਾ ਕਿ ਰੂਸ ਨੇ ਕੀਵ 'ਤੇ ਡਰੋਨ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ।
ਯੂਕ੍ਰੇਨ ਦੀ ਸਟੇਟ ਐਮਰਜੈਂਸੀ ਸੇਵਾ ਨੇ ਦੱਸਿਾ ਕਿ ਘੱਟੋ-ਘੱਟ 42 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਲਬੇ ਹੇਠ ਦੱਬੀਆਂ ਲਾਸ਼ਾਂ ਦੀ ਭਾਲ ਲਈ ਵੀਰਵਾਰ ਸਵੇਰ ਤੋਂ ਹੀ ਬਚਾਅ ਕਾਰਜ ਜਾਰੀ ਹੈ। ਸ਼ਹਿਰ ਦੇ ਫੌਜੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਕਾਚੇਂਕੋ ਨੇ ਕਿਹਾ ਕਿ ਹਮਲਿਆਂ ਦੇ ਨਤੀਜੇ ਵਜੋਂ ਕਈ ਰਿਹਾਇਸ਼ੀ ਇਮਾਰਤਾਂ ਨੂੰ ਅੱਗ ਲੱਗਣ ਦੀ ਰਿਪੋਰਟ ਮਿਲੀ ਹੈ। ਹਮਲਾ ਸਵੇਰੇ 1 ਵਜੇ ਦੇ ਕਰੀਬ ਸ਼ੁਰੂ ਹੋਇਆ ਅਤੇ ਇਸ ਦੌਰਾਨ ਕੀਵ ਦੇ ਘੱਟੋ-ਘੱਟ ਚਾਰ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲੇ ਨਾਲ ਨੁਕਸਾਨੀ ਗਈ ਇੱਕ ਰਿਹਾਇਸ਼ੀ ਇਮਾਰਤ ਨੂੰ ਸਵੀਆਟੋਸ਼ਿੰਸਕੀ ਜ਼ਿਲ੍ਹੇ ਵਿੱਚ ਅੱਗ ਲੱਗ ਗਈ।
ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਸ਼ਾਂਤੀ ਵਾਰਤਾ ਰੁਕਦੀ ਜਾਪਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਉਹ ਸੰਭਾਵਿਤ ਸ਼ਾਂਤੀ ਯੋਜਨਾ ਦੇ ਹਿੱਸੇ ਵਜੋਂ ਕਰੀਮੀਆ ਨੂੰ ਰੂਸ ਨੂੰ ਸੌਂਪਣ ਦੇ ਪ੍ਰਸਤਾਵ ਨੂੰ ਰੱਦ ਕਰਕੇ ਯੁੱਧ ਨੂੰ ਲੰਮਾ ਕਰ ਰਹੇ ਹਨ। ਜ਼ੇਲੇਂਸਕੀ ਨੇ ਬੁੱਧਵਾਰ ਨੂੰ ਲੰਡਨ ਵਿੱਚ ਅਮਰੀਕਾ, ਯੂਰਪੀਅਨ ਅਤੇ ਯੂਕ੍ਰੇਨੀ ਅਧਿਕਾਰੀਆਂ ਵਿਚਕਾਰ ਉੱਚ-ਪੱਧਰੀ ਗੱਲਬਾਤ ਤੋਂ ਪਹਿਲਾਂ ਕਿਸੇ ਵੀ ਸੌਦੇ ਦੇ ਹਿੱਸੇ ਵਜੋਂ ਯੂਕ੍ਰੇਨ ਦੇ ਖੇਤਰ ਨੂੰ ਰੂਸ ਨੂੰ ਸੌਂਪਣ ਦੇ ਵਿਚਾਰ ਨੂੰ ਰੱਦ ਕਰ ਦਿੱਤਾ ਸੀ। ਯੂਕ੍ਰੇਨੀ ਰਾਸ਼ਟਰਪਤੀ ਨੇ ਕਿਹਾ,"ਇਸ ਬਾਰੇ ਕੋਈ ਗੱਲ ਨਹੀਂ ਹੋਵੇਗੀ। ਇਹ ਸਾਡੀ ਧਰਤੀ ਹੈ, ਯੂਕ੍ਰੇਨ ਦੇ ਲੋਕਾਂ ਦੀ ਧਰਤੀ।'