ਨਵੀਂ ਦਿੱਲੀ : ਆਮ ਲੋਕਾਂ ਨੂੰ ਮਹਿੰਗਾਈ ਦੇ ਮੋਰਚੇ ’ਤੇ ਵੱਡੀ ਰਾਹਤ ਮਿਲੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ ਦੀ ਥੋਕ ਅਤੇ ਪ੍ਰਚੂਨ ਮਹਿੰਗਾਈ ਵਿਚ ਗਿਰਾਵਟ ਆਈ ਹੈ।
ਮੰਗਲਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਦੀ ਥੋਕ ਮਹਿੰਗਾਈ ਮਾਰਚ ਵਿਚ ਘਟ ਕੇ 2.05 ਫੀਸਦੀ ਸਾਲਾਨਾ ਹੋ ਗਈ ਜੋ ਜਨਵਰੀ ਵਿਚ 2.38 ਫੀਸਦੀ ਸੀ। ਮਾਹਿਰਾਂ ਨੇ ਥੋਕ ਮਹਿੰਗਾਈ ਦਾ ਅੰਦਾਜ਼ਾ 2.5 ਫੀਸਦੀ ਸੀ। ਵਣਜ ਅਤੇ ਉਦਯੋਗ ਮੰਤਰਾਲਾ ਨੇ ਕਿਹਾ ਕਿ ਮਾਰਚ 2025 ਵਿਚ ਮਹਿੰਗਾਈ ਸਾਲਾਨਾ ਆਧਾਰ ’ਤੇ ਵਧੀ ਕਿਉਂਕਿ ਖੁਰਾਕੀ ਉਤਪਾਦਾਂ, ਹੋਰ ਨਿਰਮਿਤ ਉਤਪਾਦ, ਖੁਰਾਕੀ ਵਸਤੂਆਂ, ਬਿਜਲੀ ਅਤੇ ਟੈਕਸਟਾਈਲ ਨਿਰਮਾਣ ਆਦਿ ਦੀਆਂ ਕੀਮਤਾਂ ਵਿਚ ਵਾਧਾ ਹੋਇਆ। ਥੋਕ ਮੁੱਲ ਸੂਚਕਾਂਕ ਦੇ ਅੰਕੜਿਆਂ ਮੁਤਾਬਕ, ਖੁਰਾਕੀ ਮਹਿੰਗਾਈ ਫਰਵਰੀ ਵਿਚ 3.38 ਫੀਸਦੀ ਤੋਂ ਘੱਟ ਕੇ ਮਾਰਚ ਵਿਚ 1.57 ਫੀਸਦੀ ਹੋ ਗਈ। ਸਬਜ਼ੀਆਂ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਇਸ ਦਾ ਮੁੱਖ ਕਾਰਨ ਸੀ।
ਹਾਲਾਂਕਿ, ਨਿਰਮਿਤ ਉਤਪਾਦਾਂ ਦੀ ਮਹਿੰਗਾਈ ਮਾਰਚ ’ਚ ਵਧ ਕੇ 3.07 ਫੀਸਦੀ ਹੋ ਗਈ, ਜਦ ਕਿ ਫਰਵਰੀ ’ਚ ਇਹ 2.86 ਫੀਸਦੀ ਸੀ। ਈਂਧਨ ਅਤੇ ਬਿਜਲੀ ਵਿਚ ਵੀ ਵਾਧਾ ਦੇਖਿਆ ਗਿਆ ਅਤੇ ਮਾਰਚ ਵਿਚ 0.20 ਫੀਸਦੀ ਰਿਹਾ।
ਪ੍ਰਚੂਨ ਮਹਿੰਗਾਈ 6 ਸਾਲਾਂ ਦੇ ਹੇਠਲੇ ਪੱਧਰ ’ਤੇ
ਸਬਜ਼ੀਆਂ ਅਤੇ ਪ੍ਰੋਟੀਨ ਉਤਪਾਦਾਂ ਦੀਆਂ ਕੀਮਤਾਂ ਵਿਚ ਗਿਰਾਵਟ ਦੇ ਕਾਰਨ ਮਾਰਚ ਵਿਚ ਪ੍ਰਚੂਨ ਮਹਿੰਗਾਈ ਮਾਮੂਲੀ ਗਿਰਾਵਟ ਦੇ ਨਾਲ 6 ਸਾਲਾਂ ਦੇ ਹੇਠਲੇ ਪੱਧਰ 3.34 ਫੀਸਦੀ ’ਤੇ ਆ ਗਈ। ਇਸ ਤੋਂ ਪਹਿਲਾਂ ਅਗਸਤ 2019 ’ਚ ਇਹ 3.28 ਫੀਸਦੀ ਦੇ ਪੱਧਰ ’ਤੇ ਸੀ।
ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਮਹਿੰਗਾਈ ਫਰਵਰੀ ’ਚ 3.61 ਫੀਸਦੀ ਅਤੇ ਪਿਛਲੇ ਸਾਲ ਮਾਰਚ ’ਚ 4.85 ਫੀਸਦੀ ਰਹੀ।
ਖੁਰਾਕੀ ਮਹਿੰਗਾਈ ਦਰ ਮਾਰਚ ’ਚ 2.69 ਫੀਸਦੀ ਰਹੀ, ਜਦੋਂ ਕਿ ਇਹ ਫਰਵਰੀ ਵਿਚ 3.75 ਫੀਸਦੀ ਅਤੇ ਮਾਰਚ, 2024 ਵਿਚ 8.52 ਫੀਸਦੀ ਸੀ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਕਰੰਸੀ ਨੀਤੀ ਬਣਾਉਣ ਵੇਲੇ ਮੁੱਖ ਤੌਰ ’ਤੇ ਪ੍ਰਚੂਨ ਮਹਿੰਗਾਈ ਨੂੰ ਵੇਖਦਾ ਹੈ।
ਆਰ. ਬੀ. ਆਈ. ਪਿਛਲੇ ਹਫਤੇ ਮੁੱਖ ਨੀਤੀਗਤ ਦਰ ਰੈਪੋ ਨੂੰ 0.25 ਫੀਸਦੀ ਘਟਾ ਕੇ 6 ਫੀਸਦੀ ਕਰ ਦਿੱਤਾ ਗਿਆ ਹੈ। ਕੇਂਦਰੀ ਬੈਂਕ ਨੇ ਮੌਜੂਦਾ ਵਿੱਤੀ ਸਾਲ 2025-26 ਲਈ ਪ੍ਰਚੂਨ ਮਹਿੰਗਾਈ ਦਰ ਚਾਰ ਫੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਹੈ।
ਇਸ ਦੌਰਾਨ, ਥੋਕ ਮੁੱਲ ਸੂਚਕਾਂਕ-ਅਧਾਰਿਤ ਮਹਿੰਗਾਈ ਖੁਰਾਕ ਦੀਆਂ ਕੀਮਤਾਂ ਵਿਚ ਗਿਰਾਵਟ ਕਾਰਨ ਮਾਰਚ ਵਿਚ ਮਹੀਨਾਵਾਰ ਆਧਾਰ ’ਤੇ 2.05 ਫੀਸਦੀ ਦੇ 6 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ’ਚ ਥੋਕ ਮਹਿੰਗਾਈ ਦਰ 1.91 ਫੀਸਦੀ ’ਤੇ ਰਹੀ ਸੀ।
ਥੋਕ ਮੁੱਲ ਸੂਚਕ ਅੰਕ (ਡਬਲਯੂ. ਪੀ. ਆਈ) ’ਤੇ ਆਧਾਰਿਤ ਮਹਿੰਗਾਈ ਦਰ ਫਰਵਰੀ ’ਚ 2.38 ਫੀਸਦੀ ਸੀ। ਹਾਲਾਂਕਿ ਮਾਰਚ ’ਚ ਸਾਲਾਨਾ ਆਧਾਰ ’ਤੇ ਇਸ ’ਚ ਵਾਧਾ ਹੋਇਆ ਹੈ। ਮਾਰਚ 2024 ’ਚ ਇਹ 0.26 ਫੀਸਦੀ ’ਤੇ ਸੀ।