ਚੰਡੀਗੜ੍ਹ/ਲੁਧਿਆਣਾ : ਪੰਜਾਬ ਦੀਆਂ ਬੱਸਾਂ ਵਿਚ ਸਫ਼ਰ ਕਰਨ ਵਾਲਿਆਂ, ਖ਼ਾਸ ਤੌਰ 'ਤੇ ਬੀਬੀਆਂ ਦੇ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਰੋਡਵੇਜ਼ ਪਨਬਸ/ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਨੇ 2 ਘੰਟੇ ਬੱਸ ਸਟੈਂਡ ਬੰਦ ਰੱਖਣ ਦਾ ਫ਼ੈਸਲਾ ਮੁਲਤਵੀ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਨੂੰ ਖੱਜਲ ਖੁਆਰ ਨਹੀਂ ਹੋਣਾ ਪਵੇਗਾ।
ਇਸ ਸਬੰਧੀ ਗੱਲਬਾਤ ਕਰਦਿਆਂ ਜਨਰਲ ਮੈਨੇਜਰ (ਪ੍ਰਸ਼ਾਸਨ) ਫ਼ਰੀਦਕੋਟ ਰਮਨ ਸ਼ਰਮਾ ਮੁਤਾਬਕ ਅਪ੍ਰੈਲ ਮਹੀਨੇ ਦੀਆਂ ਤਨਖ਼ਾਹਾਂ ਦਾ ਬਜਟ ਆ ਗਿਆ ਹੈ। ਰੈਗੂਲਰ , ਪੈਨਸ਼ਨਰ ਤੇ ਕੰਟਰੈਕਟ ਸਟਾਫ ਦੀ ਤਨਖ਼ਾਹ ਆ ਗਈ ਹੈ ਤੇ ਬਾਕੀ ਸਭ ਸਾਥੀਆਂ ਦੀ ਕੱਲ ਤੱਕ ਤਨਖ਼ਾਹ ਆ ਜਾਵੇਗੀ। ਇਸ ਲਈ ਫ਼ਿਲਹਾਲ 2 ਘੰਟੇ ਬੱਸ ਸਟੈਂਡ ਬੰਦ ਰੱਖਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ।
ਯੂਨੀਅਨ ਮੁਤਾਬਕ ਜੇ ਅਗਲੇ ਮਹੀਨੇ ਮੁਲਾਜ਼ਮਾਂ ਦੀ ਤਨਖ਼ਾਹ ਸਮੇਂ ਸਿਰ ਨਹੀਂ ਪੈਂਦੀ ਤਾਂ ਪੁਰਾਣੇ ਦਿੱਤੇ ਹੋਏ ਨੋਟਿਸ ਤਹਿਤ 7 ਮਈ ਨੂੰ ਸਮੂਹ ਡਿਪੂਆਂ ਅੱਗੇ ਗੇਟ ਰੈਲੀਆਂ ਕਰ ਕੇ ਮੈਨੇਜਮੈਂਟ ਤੇ ਸਰਕਾਰ ਖ਼ਿਲਾਫ਼ ਰੋਸ-ਪ੍ਰਦਰਸ਼ਨ ਕੀਤਾ ਜਾਵੇਗਾ ਅਤੇ 10 ਮਈ ਤਰੀਕ ਨੂੰ ‘ਤਨਖ਼ਾਹ ਨਹੀਂ ਤਾਂ ਕੰਮ ਨਹੀਂ’ ਦੇ ਸਿਧਾਂਤ ’ਤੇ ਚੱਲਦਿਆਂ ਸਾਰੇ ਡੀਪੂ ਪਹਿਲੇ ਟਾਈਮ ’ਤੇ ਬੰਦ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪੀ. ਆਰ. ਟੀ. ਸੀ. ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਵੇਗੀ।