ਸ਼੍ਰੀਨਗਰ : ਸ਼੍ਰੀਨਗਰ ਪੁਲਸ ਨੇ ਨਸ਼ੀਲੇ ਪਦਾਰਥ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਤੋਂ ਤਸਕਰੀ ਕਰ ਕੇ ਲਿਆਂਦੀ ਗਈ ਨਸ਼ੀਲੇ ਪਦਾਰਥ ਦੀ ਇਕ ਖੇਪ ਨੂੰ ਫੜਿਆ। ਇਸ ਸੰਬੰਧ 'ਚ 2 ਸ਼ੱਕੀ ਨਸ਼ੀਲੇ ਪਦਾਰਥ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 8 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸ਼੍ਰੀਨਗਰ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸਐੱਸਪੀ) ਇਮਤਿਆਜ਼ ਹੁਸੈਨ ਨੇ ਇੱਥੇ ਦੱਸਿਆ ਕਿ ਬਰਥਾਨਾ ਕ੍ਰਾਸਿੰਗ 'ਤੇ ਨਿਯਮਿਤ ਜਾਂਚ ਦੌਰਾਨ ਪੁਲਸ ਨੇ ਇਕ ਵਾਹਨ ਰੋਕਿਆ, ਜਿਸ 'ਚ 2 ਵਿਅਕਤੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਵਾਹਨ ਦੀ ਤਲਾਸ਼ੀ ਦੌਰਾਨ ਚਾਲਕ ਦੀ ਸੀਟ ਹੇਠਾਂ ਲੁਕਾਈ ਗਈ 6 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ।
ਐੱਸਐੱਸਪੀ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 2 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਪਵਾੜਾ ਦੇ ਦਿਲਦਾਰ ਤੰਗਦਾਰ ਵਾਸੀ ਅਨਸ ਅਜਾਜ਼ ਅਵਾਨ ਅਤੇ ਕੁਪਵਾੜਾ ਦੇ ਤੰਗਦਾਰ ਦੇ ਛੰਨੀਪੋਰਾ ਵਾਸੀ ਜ਼ਾਹਿਦ ਅਹਿਮਦ ਸ਼ੇਖ ਵਜੋਂ ਕੀਤੀ ਗਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਹੁਸੈਨ ਨੇ ਕਿਹਾ,''ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਨਸ਼ੀਲੇ ਪਦਾਰਥ ਸਰਹੱਦ ਪਾਰ ਨਸ਼ੀਲੇ ਪਦਾਰਥ ਤਸਕਰੀ ਦੇ ਅਧੀਨ ਪਾਕਿਸਤਾਨ ਤੋਂ ਤਸਕਰੀ ਕਰ ਕੇ ਲਿਆਂਦਾ ਗਿਆ ਸੀ।''