ਖਰੜ (ਪ੍ਰੀਤ ਪੱਤੀ) : ਪਹਿਲਗਾਮ ਅੱਤਵਾਦੀ ਹਮਲੇ ਵਿੱਚ 26 ਤੋਂ ਵੱਧ ਲੋਕਾਂ ਦੀ ਹੋਈ ਦਰਦਨਾਕ ਮੌਤ ਤੇ ਅਫਸੋਸ ਜਾਹਿਰ ਕਰਦਿਆਂ ਭਾਜਪਾ ਦੀ ਸੂਬਾ ਕਾਰਜਕਾਰਣੀ ਮੈਂਬਰ ਨਰਿੰਦਰ ਰਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੱਮੂ ਕਸ਼ਮੀਰ ਵਿੱਚ ਅਮਨ ਸ਼ਾਂਤੀ ਦੀ ਬਹਾਲੀ ਲਈ ਬਣਾਈ ਲੋਕ ਹਿਤੈਸ਼ੀ ਨੀਤੀਆਂ ਦੇ ਸਦਕਾ ਕਸ਼ਮੀਰ ਵਿੱਚ ਦਿਨ ਪ੍ਰਤੀਦਿਨ ਸਥਾਪਿਤ ਹੋ ਰਹੇ ਅਮਨ ਚੈਨ ਅਤੇ ਕਸ਼ਮੀਰ ਵਿੱਚ ਪਹੁੰਚ ਰਹੇ ਸੈਲਾਨੀਆਂ ਕਾਰਨ ਕਸ਼ਮੀਰ ਵਿੱਚ ਵੱਧ ਰਿਹਾ ਕਾਰੋਬਾਰ ਤੇ ਇਸ ਨਾਲ ਹੋ ਰਹੇ ਕਸ਼ੀਮੀਰੀ ਲੋਕਾਂ ਨੂੰ ਫਾਇਦੇ ਨੂੰ ਦੇਖ ਪਾਕਿਸਤਾਨ ਸਰਕਾਰ ਦੀ ਛੱਤਰ ਛਾਇਆ ਵਿੱਚ ਬੈਠੇ ਅੱਤਵਾਦੀਆਂ ਨੂੰ ਕਸ਼ਮੀਰੀ ਲੋਕਾਂ ਦੇ ਜੀਵਨ ਵਿੱਚ ਆਇਆਂ ਖੁਸ਼ੀਆਂ ਬਰਦਾਸਤ ਨਹੀਂ ਹੋ ਰਹੀ । ਪਾਕਿਸਤਾਨ ਤੋਂ ਚੱਲ ਰਹੇ ਇੱਕ ਆਤੰਕਵਾਦੀ ਗਿਰੋਹ ਦੀ ਸ਼ਹਿ ਤੇ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਇੱਕ ਅੱਤਵਾਦੀ ਹਮਲੇ ਵਿੱਚ 26 ਤੋਂ ਵੱਧ ਲੋਕਾਂ ਦੀ ਹੋਈ ਦਰਦਨਾਕ ਮੌਤ ਹੋਣ ਦੇ ਨਾਲ ਨਾਲ 20 ਦੇ ਕਰੀਬ ਸੈਲਾਨੀ ਜਖਮੀ ਹੋਏ ਸਨ ਜਿਸਦੀ ਜਿੰਨੀ ਆਲੋਚਨਾ ਕੀਤੀ ਜਾਵੇ ਉੰਨੀ ਘੱਟ ਹੈ । ਇਸ ਘਟਨਾ ਤੋਂ ਬਾਅਦ ਭਾਰਤ ਦੀ ਮੋਦੀ ਸਰਕਾਰ ਅਲਰਟ ਮੋਡ ਵਿੱਚ ਆ ਗਈ ਹੈ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸਖ਼ਤ ਰੁਖ਼ ਅਪਣਾਇਆ ਹੈ। ਭਾਰਤੀ ਫੌਜ, ਵਿਕਟਰ ਫੋਰਸ, ਜੰਮੂ-ਕਸ਼ਮੀਰ ਪੁਲਿਸ ਅਤੇ ਸੀ ਆਰ ਪੀ ਐਫ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ। ਜੰਗਲਾਂ ਦੀ ਨਿਗਰਾਨੀ ਹੈਲੀਕਾਪਟਰਾਂ ਰਾਹੀਂ ਕੀਤੀ ਜਾ ਰਹੀ ਹੈ ਤਾਂ ਜੋ ਅੱਤਵਾਦੀਆਂ ਦੀ ਭਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੰਮੂ-ਕਸ਼ਮੀਰ ‘ਤੇ ਨਜ਼ਰ ਰੱਖ ਰਹੇ ਹਨ । ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ । ਅੱਤਵਾਦੀਆਂ ਵੱਲੋਂ ਨਿਹੱਥੇ ਅਤੇ ਬੇਸਹਾਰਾ ਸੈਲਾਨੀਆਂ ‘ਤੇ ਕੀਤੇ ਗਏ ਕਾਇਰਤਾਪੂਰਨ ਹਮਲੇ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਖ਼ਬਰਾਂ ਵਿੱਚ ਆ ਰਿਹਾ ਹੈ ਕਿ ਸੈਲਾਨੀਆਂ ਨੂੰ ਗੋਲੀ ਮਾਰਨ ਤੋਂ ਪਹਿਲਾਂ, ਅੱਤਵਾਦੀਆਂ ਨੇ ਉਨ੍ਹਾਂ ਦੇ ਨਾਮ ਪੁੱਛੇ ਅਤੇ ਉਨ੍ਹਾਂ ਤੋਂ ਕਲਮਾ ਵੀ ਪੜ੍ਹਵਾਇਆ। ਉਨ੍ਹਾਂ ਵਿੱਚੋਂ ਇੱਕ ਯੂਪੀ ਦਾ ਰਹਿਣ ਵਾਲਾ ਸ਼ੁਭਮ ਦਿਵੇਦੀ ਸੀ, ਜਿਸਨੂੰ ਅੱਤਵਾਦੀਆਂ ਨੇ ਉਸਦਾ ਨਾਮ ਪੁੱਛਣ ‘ਤੇ ਸਿਰ ਵਿੱਚ ਗੋਲੀ ਮਾਰ ਦਿੱਤੀ। ਮ੍ਰਿਤਕਾਂ ਵਿੱਚ ਯੂਪੀ, ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ ਅਤੇ ਓਡੀਸ਼ਾ ਦੇ ਸੈਲਾਨੀ ਸ਼ਾਮਲ ਹਨ । ਨੇਪਾਲ ਅਤੇ ਯੂਏਈ ਦੇ ਇੱਕ-ਇੱਕ ਸੈਲਾਨੀ ਅਤੇ ਦੋ ਸਥਾਨਕ ਲੋਕਾਂ ਦੀ ਵੀ ਮੌਤ ਹੋ ਗਈ। ਇਸ ਘਟਨਾ ਵਿੱਚ ਇਜ਼ਰਾਈਲ ਅਤੇ ਇਟਲੀ ਦੇ ਸੈਲਾਨੀਆਂ ਨੂੰ ਵੀ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ। ਆਖਿਰ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਪੁਲਵਾਮਾ ਵਾਂਗ ਹੀ ਪਹਿਲਗਾਮ ਹਮਲੇ ਦਾ ਜਵਾਬ ਪਾਕਿਸਤਾਨ ਵਿੱਚ ਬੈਠੇ ਅੱਤਵਾਦੀਆ ਦੇ ਸਰਗਨਾ ਨੂੰ ਮਾਰਕੇ ਦੇਵੇਗਾ ।