ਨਵੀਂ ਦਿੱਲੀ : ਜਲਵਾਯੂ ਤਬਦੀਲੀ ਦੀ ਵਜ੍ਹਾ ਨਾਲ ਭਾਰਤ ’ਚ ਝੋਨੇ ਅਤੇ ਕਣਕ ਦੇ ਝਾੜ ’ਚ 6 ਤੋਂ 10 ਫ਼ੀਸਦੀ ਦੀ ਗਿਰਾਵਟ ਆਉਣ ਦਾ ਅੰਦਾਜ਼ਾ ਹੈ, ਜਿਸ ਨਾਲ ਲੱਖਾਂ ਲੋਕਾਂ ਲਈ ਸਸਤੇ ਭੋਜਨ ਤੱਕ ਪਹੁੰਚ ਪ੍ਰਭਾਵਿਤ ਹੋਵੇਗੀ। ਭਾਰਤ ਦਾ ਕਣਕ ਉਤਪਾਦਨ 2023-24 ਫ਼ਸਲੀ ਸਾਲ ’ਚ 11.329 ਕਰੋੜ ਟਨ ਤੱਕ ਪਹੁੰਚ ਗਿਆ ਸੀ, ਜੋ ਕੌਮਾਂਤਰੀ ਉਤਪਾਦਨ ਦਾ ਲੱਗਭਗ 14 ਫ਼ੀਸਦੀ ਸੀ, ਜਦੋਂ ਕਿ ਝੋਨਾ 13.7 ਕਰੋੜ ਟਨ ਤੋਂ ਜ਼ਿਆਦਾ ਸੀ। ਚਾਵਲ ਅਤੇ ਕਣਕ ਦੇਸ਼ ਦੀ 1.4 ਅਰਬ ਆਬਾਦੀ ਲਈ ਮੁੱਖ ਭੋਜਨ ਹਨ, ਜਿਨ੍ਹਾਂ ’ਚੋਂ 80 ਫ਼ੀਸਦੀ ਲੋਕ ਵੱਖ-ਵੱਖ ਸਰਕਾਰੀ ਯੋਜਨਾਵਾਂ ਰਾਹੀਂ ਸਬਸਿਡੀ ਵਾਲੇ ਅਨਾਜ ’ਤੇ ਨਿਰਭਰ ਹਨ।
ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਦੇ ਮਹਾਨਿਰਦੇਸ਼ਕ ਮ੍ਰਤਿਉਂਜੈ ਮਹਾਪਾਤਰ ਨੇ ਕਿਹਾ ਕਿ ਜਲਵਾਯੂ ਤਬਦੀਲੀ ਨਾਲ ਕਣਕ ਅਤੇ ਚੌਲਾਂ ਦੀ ਫ਼ਸਲ ’ਚ ਕਮੀ ਆਵੇਗੀ, ਜਿਸ ਦਾ ਦੇਸ਼ ਦੇ ਕਿਸਾਨਾਂ ਅਤੇ ਖੁਰਾਕ ਸੁਰੱਖਿਆ ’ਤੇ ਮਹੱਤਵਪੂਰਨ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਕਾਰਨ ਪੱਛਮੀ ਦਬਾਅ ਦੀ ਬਾਰੰਬਾਰਤਾ ਅਤੇ ਤੀਬਰਤਾ ਵੀ ਘੱਟ ਹੋ ਰਹੀ ਹੈ, ਜਿਸ ਕਾਰਨ ਉੱਤਰ-ਪੱਛਮੀ ਭਾਰਤ ’ਚ ਸਰਦੀਆਂ ’ਚ ਮੀਂਹ ਅਤੇ ਬਰਫ਼ਬਾਰੀ ਹੁੰਦੀ ਹੈ। ਇਸ ਨਾਲ ਨੇੜ ਭਵਿੱਖ ’ਚ ਹਿਮਾਲਿਆ ਅਤੇ ਉਸ ਦੇ ਹੇਠਾਂ ਦੇ ਮੈਦਾਨੀ ਇਲਾਕਿਆਂ ’ਚ ਰਹਿਣ ਵਾਲੇ ਕਰੋੜਾਂ ਲੋਕਾਂ ਲਈ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ।
ਮਛੇਰਿਆਂ ਦੀ ਧੰਦੇ ’ਤੇ ਵੀ ਅਸਰ
ਭਾਰਤ ’ਚ ਲੱਗਭਗ ਅੱਧੀ ਆਬਾਦੀ ਖੇਤੀਬਾੜੀ ’ਤੇ ਨਿਰਭਰ ਹੈ। ਜਲਵਾਯੂ ਤਬਦੀਲੀ ਨਾਲ ਸਮੁੰਦਰ ਦੇ ਵਧਦੇ ਤਾਪਮਾਨ ਕਾਰਨ ਸਮੁੰਦਰੀ ਕੰਢੇ ਦੇ ਕੋਲ ਮੱਛੀਆਂ ਫੜਣ ਦੀਆਂ ਸਰਗਰਮੀਆਂ ’ਚ ਕਮੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮਨੁੱਖਾਂ ਵਾਂਗ ਮੱਛੀਆਂ ਵੀ ਠੰਢੇ ਪਾਣੀ ਨੂੰ ਪਸੰਦ ਕਰਦੀਆਂ ਹਨ। ਜਿਵੇਂ-ਜਿਵੇਂ ਸਮੁੰਦਰ ਦਾ ਤਾਪਮਾਨ ਵਧ ਰਿਹਾ ਹੈ, ਮੱਛੀਆਂ ਕੰਢੇ ਤੋਂ ਦੂਰ ਠੰਢੇ ਪਾਣੀ ਵੱਲ ਜਾ ਰਹੀਆਂ ਹਨ। ਇਹ ਮਛੇਰਾ ਭਾਈਚਾਰੇ ਲਈ ਵੱਡੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਧੰਦੇ ਨੂੰ ਪ੍ਰਭਾਵਿਤ ਕਰ ਰਿਹਾ ਹੈ।