ਚੰਡੀਗੜ੍ਹ : ਸਯੁੰਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਪੁੱਸ਼ਟੀ ਕੀਤੀ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਮਤਰਾਲੇ ਵੱਲੋਂ ਉਨ੍ਹਾਂ ਨੂੰ ਐੱਮ. ਐੱਸ. ਪੀ. ਅਤੇ ਹੋਰ ਮੰਗਾਂ ਬਾਰੇ 4 ਮਈ ਨੂੰ ਕੇਂਦਰ ਸਰਕਾਰ ਨਾਲ ਹੋਣ ਜਾ ਰਹੀ ਬੈਠਕ ਲਈ ਅਧਿਕਾਰਤ ਤੌਰ ’ਤੇ ਸੱਦਾ ਮਿਲ ਗਿਆ ਹੈ, ਜਿਸ ’ਚ ਬੈਠਕ ਦਾ ਸਮਾਂ ਤੇ ਸਥਾਨ ਤੈਅ ਕਰਨ ਤੋਂ ਇਲਾਵਾ ਪੰਜਾਬ ਅਤੇ ਕੇਂਦਰ ਸਰਕਾਰ ਦੋਨਾਂ ਦੇ ਨੁਮਾਇੰਦਿਆਂ ਵੱਲੋਂ ਹਿੱਸਾ ਲੈਣ ਦੀ ਗੱਲ ਕਹੀ ਗਈ ਹੈ।
ਇਸ ’ਤੇ ਕਿਸਾਨ ਆਗੂ ਡੱਲੇਵਾਲ ਨੇ ਮੋਰਚੇ ਵੱਲੋਂ ਮੰਗ ਰੱਖਦਿਆਂ ਕਿਹਾ ਕਿ ਅਸੀਂ ਇਹ ਮੰਨਦੇ ਹਾਂ ਕਿ ਹਰ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਨਿਕਲਦਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗੱਲਬਾਤ ਤੋਂ ਨਹੀਂ ਭੱਜਦੇ, ਪਰ ਨਾਲ ਹੀ ਇਹ ਸ਼ਰਤ ਵੀ ਰੱਖੀ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਇਸ ਬੈਠਕ ’ਚ ਨਾ ਬੁਲਾਇਆ ਜਾਵੇ। ਜੇਕਰ ਬੈਠਕ ’ਚ ਸਰਕਾਰ ਦੇ ਮੰਤਰੀਆਂ ਨੂੰ ਕੇਂਦਰ ਬੈਠਕ ’ਚ ਬੁਲਾਇਆ ਜਾਂਦਾ ਹੈ ਤਾਂ ਅਸੀਂ ਇਸ ਬੈਠਕ ਦਾ ਬਾਈਕਾਟ ਕਰਨ ਲਈ ਮਜਬੂਰ ਹੋਵਾਂਗੇ।
ਕੇਂਦਰ ਸਰਕਾਰ ਨੂੰ ਲਿਖ ਚੁੱਕੇ ਹਾਂ ਚਿੱਠੀ
ਡੱਲੇਵਾਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਬੀਤੇ ਦਿਨ ਵੀ ਮਾਮਲੇ ਸਬੰਧੀ ਕੇਂਦਰ ਸਰਕਾਰ ਨੂੰ ਈ.-ਮੇਲ ਰਾਹੀਂ ਚਿੱਠੀ ਭੇਜੀ ਗਈ ਹੈ। ਇਸ ਲਈ ਸਰਕਾਰ ਸਮੇਂ ਰਹਿੰਦਿਆਂ ਸਾਨੂੰ ਦੱਸੇ ਕਿ ਕੀ 4 ਮਈ ਦੀ ਬੈਠਕ ’ਚ ਪੰਜਾਬ ਸਰਕਾਰ ਦੀ ਮੰਤਰੀਆਂ ਨੂੰ ਬੁਲਾਇਆ ਜਾਵੇਗਾ ਜਾਂ ਨਹੀ?