ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਾਬਕਾ ਚੇਅਰਮੈਨ ਕੇ. ਕਸਤੂਰੀਰੰਗਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਾਰਤ ਦੀ ਵਿਗਿਆਨਕ ਅਤੇ ਸਿੱਖਿਆ ਯਾਤਰਾ 'ਚ ਮਹੱਤਵਪੂਰਨ ਯੋਗਦਾਨ ਦਿੱਤਾ। ਸਾਲ 1994 ਤੋਂ 2003 ਤੱਕ ਇਸਰੋ ਦੇ ਚੇਅਰਮੈਨ ਰਹੇ ਕਸਤੂਰੀਰੰਗਨ ਦਾ ਸ਼ੁੱਕਰਵਾਰ ਸਵੇਰੇ ਬੈਂਗਲੁਰੂ ਸਥਿਤ ਆਪਣੇ ਨਿਵਾਸ ਸਥਾਨ 'ਤੇ ਦਿਹਾਂਤ ਹੋ ਗਿਆ। ਉਹ 84 ਸਾਲਾਂ ਦੇ ਸਨ। ਪ੍ਰਧਾਨ ਮੰਤਰੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,"ਭਾਰਤ ਦੀ ਵਿਗਿਆਨਕ ਅਤੇ ਵਿਦਿਅਕ ਯਾਤਰਾ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਮੈਨੂੰ ਕਸਤੂਰੀਰੰਗਨ ਦੇ ਦਿਹਾਂਤ 'ਤੇ ਬਹੁਤ ਦੁੱਖ ਹੈ। ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਅਤੇ ਰਾਸ਼ਟਰ ਪ੍ਰਤੀ ਨਿਰਸਵਾਰਥ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਕਸਤੂਰੀਰੰਗਨ ਨੇ ਇਸਰੋ 'ਚ ਬਹੁਤ ਮਿਹਨਤ ਨਾਲ ਕੰਮ ਕੀਤਾ ਅਤੇ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ, ਜਿਸ ਕਾਰਨ ਦੇਸ਼ ਨੂੰ ਪੁਲਾੜ ਦੇ ਖੇਤਰ 'ਚ ਅੰਤਰਰਾਸ਼ਟਰੀ ਮਾਨਤਾ ਮਿਲੀ।
ਪੀ.ਐੱਮ. ਮੋਦੀ ਨੇ ਕਿਹਾ,''ਉਨ੍ਹਾਂ ਦੀ ਅਗਵਾਈ 'ਚ ਮਹੱਤਵਪੂਰਨ ਸੈਟੇਲਾਈਟ ਲਾਂਚ ਹੋਇਆ ਅਤੇ ਨਵੀਨਤਾ 'ਤੇ ਧਿਆਨ ਕੇਂਦਰਿਤ ਕੀਤਾ ਗਿਆ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦਾ ਮਸੌਦਾ ਤਿਆਰ ਕਰਨ 'ਚ ਡਾ. ਕਸਤੂਰੀਰੰਗਨ ਦੀਆਂ ਕੋਸ਼ਿਸ਼ਾਂ ਅਤੇ ਸਿੱਖਿਆ ਨੂੰ ਵੱਧ ਸੰਪੂਰਨ ਅਤੇ ਦੂਰਦਰਸ਼ੀ ਬਣਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਰਾਸ਼ਟਰ ਹਮੇਸ਼ਾ ਉਨ੍ਹਾਂ ਦਾ ਧੰਨਵਾਦੀ ਰਹੇਗਾ। ਕਸਤੂਰੀਰੰਗਨ ਐੱਨਈਪੀ ਦੀ ਮਸੌਦਾ ਕਮੇਟੀ ਦੇ ਚੇਅਰਮੈਨ ਸਨ। ਪੀ.ਐੱਮ. ਮੋਦੀ ਨੇ ਕਿਹਾ ਕਿ ਕਸਤੂਰੀਰੰਗਨ ਕਈ ਨੌਜਵਾਨ ਵਿਗਿਆਨੀਆਂ ਅਤੇ ਖੋਜਕਰਤਾਵਾਂ ਲਈ ਇਕ ਸ਼ਾਨਦਾਰ ਮਾਰਗਦਰਸ਼ਕ ਵੀ ਸਨ। ਪ੍ਰਧਾਨ ਮੰਤਰੀ ਨੇ ਕਿਹਾ,''ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ, ਵਿਦਿਆਰਥੀਆਂ, ਵਿਗਿਆਨੀਆਂ ਅਤੇ ਅਣਗਿਣਤ ਪ੍ਰਸ਼ੰਸਕਾਂ ਨਾਲ ਹੈ। ਓਮ ਸ਼ਾਂਤੀ।''