ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅਮਰੀਕਾ ਦੇ ਬੋਸਟਨ ਵਿਚ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਤੇ ਸਵਾਲ ਉਠਾਏ। ਉਨ੍ਹਾਂ ਐਤਵਾਰ ਸ਼ਾਮ ਨੂੰ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਹੈ ਕਿ ਭਾਰਤੀ ਚੋਣ ਕਮਿਸ਼ਨ ਸਮਝੌਤਾ ਕਰ ਚੁੱਕਾ ਹੈ। ਇਸ ਸਿਸਟਮ ਵਿਚ ਕੁਝ ਗੜਬੜੀ ਹੈ।
ਜ਼ਿਕਰਯੋਗ ਹੈ ਕਿ ਰਾਹੁਲ 2 ਦਿਨਾਂ ਦੇ ਅਮਰੀਕੀ ਦੌਰੇ ’ਤੇ ਹਨ। ਉਹ ਸ਼ਨੀਵਾਰ ਦੇਰ ਰਾਤ ਅਮਰੀਕਾ ਦੇ ਬੋਸਟਨ ਹਵਾਈ ਅੱਡੇ ’ਤੇ ਉਤਰੇ ਸਨ। ਉਹ ਇੱਥੇ ਰੋਡ ਆਈਲੈਂਡ ਸਥਿਤ ਬ੍ਰਾਊਨ ਯੂਨੀਵਰਸਿਟੀ ਦਾ ਦੌਰਾ ਕਰਨਗੇ, ਜਿੱਥੇ ਉਹ ਫੈਕਲਟੀ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। ਕਾਂਗਰਸ ਨੇਤਾ ਪਵਨ ਖੇੜਾ ਨੇ ਰਾਹੁਲ ਗਾਂਧੀ ਦੀ ਇਸ ਫੇਰੀ ਬਾਰੇ ‘ਐਕਸ’ ’ਤੇ ਜਾਣਕਾਰੀ ਦਿੱਤੀ ਸੀ।
ਅਮਰੀਕਾ ਵਿਚ ਰਾਹੁਲ ਨੇ 3 ਗੱਲਾਂ ਕਹੀਆਂ, ਜਿਨ੍ਹਾਂ ਵਿਚੋਂ ਪਹਿਲੀ ਇਹ ਸੀ ਕਿ ਮਹਾਰਾਸ਼ਟਰ ਵਿਚ ਜਿੰਨੇ ਬਾਲਗ ਹਨ ਉਨ੍ਹਾਂ ਨਾਲੋਂ ਵੱਧ ਵੋਟਿੰਗ ਹੋਈ। ਚੋਣ ਕਮਿਸ਼ਨ ਨੇ ਸਾਨੂੰ ਸ਼ਾਮ 5.30 ਵਜੇ ਵੋਟਿੰਗ ਦੇ ਅੰਕੜੇ ਦੱਸੇ। ਇਸ ਤੋਂ ਬਾਅਦ ਸ਼ਾਮ 5.30 ਵਜੇ ਤੋਂ 7.30 ਵਜੇ ਦੇ ਵਿਚਕਾਰ 65 ਲੱਖ ਵੋਟਾਂ ਪਈਆਂ। ਉਨ੍ਹਾਂ ਕਿਹਾ ਕਿ 2 ਘੰਟਿਆਂ ਵਿਚ 65 ਲੱਖ ਵੋਟਾਂ ਪੈਣੀਆਂ ਅਸੰਭਵ ਹਨ। ਇਕ ਵੋਟਰ ਨੂੰ ਆਪਣੀ ਵੋਟ ਪਾਉਣ ਵਿਚ ਲੱਗਭਗ 3 ਮਿੰਟ ਲੱਗਦੇ ਹਨ। ਜੇ ਤੁਸੀਂ ਹਿਸਾਬ ਲਗਾਓਗੇ, ਤਾਂ ਪਤਾ ਲੱਗੇਗਾ ਕਿ ਰਾਤ 2 ਵਜੇ ਤੱਕ ਵੋਟਰਾਂ ਦੀ ਲਾਈਨ ਲੱਗਣੀ ਚਾਹੀਦੀ ਸੀ, ਪਰ ਅਜਿਹਾ ਨਹੀਂ ਹੋਇਆ।
ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਅਸੀਂ ਚੋਣਾਂ ਦੀ ਵੀਡੀਓਗ੍ਰਾਫੀ ਮੰਗੀ ਤਾਂ ਕਮਿਸ਼ਨ ਨੇ ਸਾਫ਼ ਮਨ੍ਹਾ ਕਰ ਦਿੱਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਕਾਨੂੰਨ ਵੀ ਬਦਲ ਦਿੱਤਾ, ਤਾਂ ਜੋ ਅਸੀਂ ਅੱਗੇ ਵੀਡੀਓ ਬਾਰੇ ਸਵਾਲ ਨਾ ਕਰ ਸਕੀਏ।