ਜੈਪੁਰ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025 ਦਾ 47ਵਾਂ ਮੈਚ ਅੱਜ ਰਾਜਸਥਾਨ ਰਾਇਲਜ਼ ਤੇ ਗੁਜਰਾਤ ਟਾਈਟਨਜ਼ ਦਰਮਿਆਨ ਜੈਪੁਰ ਦੇ ਸਵਾਈ ਮਾਨਸਿੰਘ ਕ੍ਰਿਕਟ ਸਟੇਡੀਅਮ 'ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਸ਼ਾਨਦਾਰ ਫਾਰਮ ਵਿਚ ਚੱਲ ਰਹੀ ਗੁਜਰਾਤ ਟਾਈਟਨਜ਼ ਦੀ ਟੀਮ ਰਾਜਸਥਾਨ ਰਾਇਲਜ਼ ਨਾਲ ਭਿੜੇਗੀ ਤਾਂ ਉਸਦਾ ਟੀਚਾ ਚੋਟੀ ਦੇ ਸਥਾਨ ’ਤੇ ਆਪਣੀ ਪਕੜ ਮਜ਼ਬੂਤ ਕਰਨ ਦੇ ਨਾਲ ਪਲੇਅ ਆਫ ਵਿਚ ਜਗ੍ਹਾ ਪੱਕੀ ਕਰਨ ਦੇ ਨੇੜੇ ਪਹੁੰਚਣਾ ਹੋਵੇਗਾ।
ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਟੀਮ 8 ਮੈਚਾਂ ਵਿਚੋਂ 6 ਜਿੱਤਾਂ ਦੇ ਨਾਲ 10 ਟੀਮਾਂ ਦੀ ਅੰਕ ਸੂਚੀ ਵਿਚ ਟਾਪ ’ਤੇ ਕਾਬਜ਼ ਹੈ ਤੇ ਉਸ ਨੂੰ ਪਲੇਅ ਆਫ ਵਿਚ ਪਹੁੰਚਣ ਲਈ ਦੋ ਹੋਰ ਜਿੱਤਾਂ ਦੀ ਲੋੜ ਹੈ। ਗੁਜਰਾਤ ਨੇ ਮੌਜੂਦਾ ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਉਸ ਨੂੰ ਸਿਰਫ ਦੋ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਾਈ ਸੁਦਰਸ਼ਨ ਤੇ ਪ੍ਰਸਿੱਧ ਕ੍ਰਿਸ਼ਣਾ ਕ੍ਰਮਵਾਰ ਓਰੈਂਜ (ਸਭ ਤੋਂ ਵੱਧ ਦੌੜਾਂ) ਤੇ ਪਰਪਲ (ਸਭ ਤੋਂ ਵੱਧ ਵਿਕਟਾਂ) ਕੈਪ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਹਨ। ਗੁਜਰਾਤ ਦੀ ਇਸ ਟੀਮ ਲਈ ਗਿੱਲ, ਸੁਦਰਸ਼ਨ ਤੇ ਜੋਸ ਬਟਲਰ ਸ਼ਾਨਦਾਰ ਲੈਅ ਵਿਚ ਹਨ। ਇਸ ਤਿੱਕੜੀ ਦੇ ਤਿੰਨੇ ਬੱਲੇਬਾਜ਼ਾਂ ਨੇ ਮੌਜੂਦਾ ਸੈਸ਼ਨ ਵਿਚ 300 ਤੋਂ ਵੱਧ ਦੌੜਾਂ ਬਣਾਈਆਂ ਹਨ ਤੇ ਇਸ ਦੌਰਾਨ ਉਨ੍ਹਾਂ ਦੀ ਸਟ੍ਰਾਈਕ ਰੇਟ ਵੀ 150 ਤੋਂ ਵੱਧ ਰਹੀ ਹੈ।
ਦੂਜੇ ਪਾਸੇ ਰਾਜਸਥਾਨ ਰਾਇਲਜ਼ ਇਸ ਹਫਤੇ ਦੀ ਸ਼ੁਰੂਆਤ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਤੋਂ 11 ਦੌੜਾਂ ਨਾਲ ਹਾਰ ਜਾਣ ਤੋਂ ਬਾਅਦ ਟੂਰਨਾਮੈਂਟ ਵਿਚੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ। ਇਹ ਉਸਦੀ ਲਗਾਤਾਰ 5ਵੀਂ ਤੇ 9 ਮੈਚਾਂ ਵਿਚ 7ਵੀਂ ਹਾਰ ਸੀ। ਉਹ ਅੰਕ ਸੂਚੀ ਵਿਚ 9ਵੇਂ ਸਥਾਨ ’ਤੇ ਹੈ। ਲੀਗ ਦੇ ਸ਼ੁਰੂਆਤੀ ਸੈਸ਼ਨ ਦੇ ਚੈਂਪੀਅਨ ਨੂੰ ਇਸ ਪੂਰੇ ਸੈਸ਼ਨ ਵਿਚ ਲੈਅ ਹਾਸਲ ਕਰਨ ਲਈ ਸੰਘਰਸ਼ ਕਰਨਾ ਪਿਆ। ਟੀਮ ਆਪਣੇ ਪਿਛਲੇ ਤਿੰਨ ਮੈਚਾਂ ਵਿਚ ਜਿ੍ਰਤ ਦੇ ਨੇੜੇ ਪਹੁੰਚੀ ਪਰ ਨੇੜਲੇ ਮੈਚਾਂ ਨੂੰ ਆਪਣੇ ਪੱਖ ਵਿਚ ਮੋੜਨ ਵਿਚ ਅਸਫਲ ਰਹੀ। ਇਸ ਵਿਚ ਦਿੱਲੀ ਕੈਪੀਟਲਸ ਵਿਰੁੱਧ ਸੁਪਰ ਓਵਰ ਵਿਚ ਦਿਲ ਤੋੜਨ ਵਾਲੀ ਹਾਰ ਵੀ ਸ਼ਾਮਲ ਹੈ। ਚੋਟੀਕ੍ਰਮ ਵਿਚ ਯਸ਼ਸਵੀ ਜਾਇਸਵਾਲ, ਰਿਆਨ ਪ੍ਰਾਗ ਤੇ ਨਿਤੀਸ਼ ਰਾਣਾ ਨੇ ਚੰਗੀ ਬੱਲੇਬਾਜ਼ੀ ਕੀਤੀ ਹੈ ਪਰ ਉਸਦੀ ਗੇਂਦਬਾਜ਼ੀ ਇਕ ਵੱਡੀ ਨਿਰਾਸ਼ਾ ਰਹੀ ਹੈ।