ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ’ਚ ਰੋਜ਼ਾਨਾ ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਇਕ ਵਾਰ ਫਿਰ ਤੋਂ ਮੈੱਸ ਅਤੇ ਕੰਟੀਨ ’ਚ 10 ਦਿਨ ਪੁਰਾਣੀ ਤੇ ਸੜੀ ਸਬਜ਼ੀ ਦੀ ਵਰਤੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਜੱਥੇਬੰਦੀ ਸੀ. ਵਾਈ. ਐੱਸ. ਐੱਸ. ਦੇ ਵਿਦਿਆਰਥੀਆਂ ਨੇ ਛਾਪਾ ਮਾਰਿਆ ਤਾਂ ਮੈੱਸ ’ਚ ਗੰਦਗੀ, ਸਬਜ਼ੀਆਂ ਵੀ ਗੰਦਗੀ ’ਚ ਰੱਖੀਆਂ ਹੋਈਆਂ ਸਨ ਤੇ ਸ਼ਰਾਬ ਦੀਆ ਬੋਤਲਾਂ ਵੀ ਮਿਲੀਆਂ। ਹਾਲਾਂਕਿ ਅਜਿਹਾ ਪਹਿਲੀ ਵਾਰ ਹੈ ਕਿ ਮੈੱਸ ’ਚ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ। ਪ੍ਰੋ. ਨੰਦਿਤਾ ਨੇ ਮਾਮਲੇ ’ਚ ਮੈੱਸ ਤੇ ਕੰਟੀਨ ਦੇ ਠੇਕੇਦਾਰਾਂ ਨੂੰ 1-1 ਹਜ਼ਾਰ ਰੁਪਏ ਜੁਰਮਾਨਾ ਲਾਇਆ। ਜੇਕਰ ਮਾਮਲਾ ਫਿਰ ਸਾਹਮਣੇ ਆਇਆ ਤਾਂ ਠੇਕਾ ਰੱਦ ਕਰ ਦਿੱਤਾ ਜਾਵੇਗਾ।
10 ਦਿਨਾਂ ਅੰਦਰ ਵਾਟਰ ਕੂਲਰ ਵੀ ਲਾਏ ਜਾਣਗੇ। ਫਾਰੈਂਸਿਕ ਸਾਇੰਸ ’ਚ ਮਾਸਟਰ ਕਰ ਰਹੇ ਵਿਦਿਆਰਥੀ ਤੇ ਸੀ. ਵਾਈ. ਐੱਸ. ਐੱਸ. ਦੇ ਕਾਰਕੁਨ ਚਿਰਾਗ ਦੁਹਨ ਤੇ ਸਾਥੀ ਪ੍ਰਭਨੂਰ ਸਿੰਘ ਬੇਦੀ ਨੇ ਹੋਸਟਲ ਨੰਬਰ 6 ਦੀ ਮੈਸ ਤੇ ਕੰਟੀਨ ’ਤੇ ਛਾਪਾ ਮਾਰਿਆ ਤੇ ਪਖਾਨੇ ਵੀ ਗੰਦੇ ਪਾਏ ਗਏ। ਚਿਰਾਗ ਨੇ ਦੱਸਿਆ ਕਿ 10 ਕਿੱਲੋ ਸੜੇ ਟਮਾਟਰ, 2 ਕਿੱਲੋ ਪੱਤਾ ਗੋਭੀ, 3 ਕਿੱਲੋ ਸ਼ਿਮਲਾ ਮਿਰਚ ਤੇ ਹੋਰ ਸਬਜ਼ੀਆਂ ਦੇ ਕ੍ਰੇਟ ਵੀ ਬਿਨਾਂ ਢੱਕੇ ਰੱਖੇ ਸਨ, ਜਿੱਥੇ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਵੀ ਮਿਲੀਆਂ। ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕੀਤਾ ਤੇ ਮਾਮਲੇ ਦੀ ਸ਼ਿਕਾਇਤ ਡੀ. ਐੱਸ. ਡਬਲਿਊ. ਪ੍ਰੋ. ਨੰਦਿਤਾ ਸਿੰਘ ਨੂੰ ਦਿਤੀ।
ਕਮੇਟੀ ਬਣਾਉਣ, ਸਾਮਾਨ ਤੇ ਸਬਜ਼ੀਆਂ ਦੀ ਜਾਂਚ ਦੇ ਨਿਰਦੇਸ਼
ਕਾਰਵਾਈ ਕਰਦਿਆਂ ਪ੍ਰੋ. ਨੰਦਿਤਾ ਸਿੰਘ ਨੇ ਵਾਰਡਨ ਜੋਧ ਸਿੰਘ ਤੇ ਹੋਸਟਲ ਨੰ. 5 ਦੇ ਵਾਰਡਨ ਨੂੰ ਮੈਸ ’ਚ ਆ ਰਹੇ ਸਾਮਾਨ ਤੇ ਸਬਜ਼ੀਆਂ ਦੀ ਜਾਂਚ ਦੇ ਨਿਰਦੇਸ਼ ਦਿੱਤੇ। ਇਸ ਮਾਮਲੇ ’ਤੇ ਕਮੇਟੀ ਬਣਾ ਕੇ ਨਿਰੀਖਣ ਕਰਨ ਲਈ ਕਿਹਾ ਹੈ। ਗਰਮੀ ਵੱਧਣ ਤੇ ਵਿਦਿਆਰਥੀਆਂ ਦੀ ਸਿਹਤ-ਸੰਭਾਲ ਨੂੰ ਦੇਖਦਿਆਂ ਮੈਸ ਦਾ ਸਾਫ਼-ਸੁਥਰਾ ਤੇ ਪੌਸ਼ਟਿਕ ਭੋਜਨ ਮਿਲ ਸਕੇ। ਉਨ੍ਹਾਂ ਨੋਟਿਸ ਦਿੰਦਿਆਂ ਕਿਹਾ ਕਿ ਮੈਸ ’ਚ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਨਾਲ ਹੀ ਮੁਲਾਜ਼ਮਾਂ ਤੋਂ ਲਿਖਤ ’ਚ ਲਿਆ ਕਿ ਜੇਕਰ ਭਵਿੱਖ ’ਚ ਮੈਸ ’ਚ ਗੰਦਗੀ ਤੇ ਭਾਂਡਿਆਂ ਦੀ ਸਫ਼ਾਈ ਦੇ ਬਾਰੇ ਸ਼ਿਕਾਇਤ ਮਿਲੀ ਤਾਂ ਜ਼ਿੰਮੇਵਾਰ ਠੇਕਾ ਮੁਲਾਜ਼ਮ ਨੌਕਰੀ ਖ਼ੁਦ ਛੱਡਣਗੇ।
ਜਲੰਧਰ (ਚੋਪੜਾ) : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਦਾ ਅਚਨਚੇਤ ਮੁਆਇਨਾ ਕੀਤਾ ਅਤੇ ਡਰਾਈਵਿੰਗ ਟੈਸਟ ਪ੍ਰਕਿਰਿਆ ਦੀ ਜਾਂਚ ਕਰਦੇ ਹੋਏ ਉਥੇ ਲਾਇਸੈਂਸ ਬਣਵਾਉਣ ਲਈ ਮੌਜੂਦ ਲੋਕਾਂ ਨੂੰ ਟ੍ਰੈਕ ’ਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਲੈ ਕੇ ਫੀਡਬੈਕ ਹਾਸਲ ਕੀਤੀ। ਇਸ ਦੌਰਾਨ ਅਸਿਸਟੈਂਟ ਸਟੇਟ ਟਰਾਂਸਪੋਰਟ ਕਮਿਸ਼ਨਰ ਸੁਖਵਿੰਦਰ ਕੁਮਾਰ ਅਤੇ ਰਿਜਨਲ ਟਰਾਂਸਪੋਰਟ ਅਧਿਕਾਰੀ ਬਲਬੀਰ ਰਾਜ ਸਿੰਘ ਤੇ ਏ. ਆਰ. ਟੀ. ਓ. ਵਿਸ਼ਾਲ ਗੋਇਲ ਵੀ ਮੌਜੂਦ ਰਹੇ। ਭੁੱਲਰ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਜਲਦ ਸੂਬੇ ਭਰ ਵਿਚ ਹਰੇਕ ਡਰਾਈਵਿੰਗ ਟੈਸਟ ਟ੍ਰੈਕ ’ਤੇ 2 ਕਰਮਚਾਰੀਆਂ ਨੂੰ ਨਿਯੁਕਤ ਕਰੇਗੀ ਅਤੇ ਇਹ ਕਰਮਚਾਰੀ ਬਿਨੈਕਾਰਾਂ ਦੀ ਆਨਲਾਈਨ ਐਪਲੀਕੇਸ਼ਨ ਭਰਨ ਵਿਚ ਬਿਲਕੁਲ ਮੁਫਤ ਸਹਾਇਤਾ ਕਰਨਗੇ।
ਭੁੱਲਰ ਨੇ ਜ਼ਿਲ੍ਹੇ ਵਿਚ ਆਰ. ਟੀ. ਏ. ਅਤੇ ਆਰ. ਟੀ. ਓ. ਦਾ ਕਾਰਜਭਾਰ ਐਡੀਸ਼ਨਲ ਤੌਰ ’ਤੇ ਵੱਖ-ਵੱਖ ਐੱਸ. ਡੀ. ਐੱਮਜ਼ ਨੂੰ ਸੌਂਪੇ ਜਾਣ ਅਤੇ ਆਰ. ਟੀ. ਓ. ਤੇ ਡਰਾਈਵਿੰਗ ਸੈਂਟਰ ਵਿਚ ਸਟਾਫ ਦੀ ਘਾਟ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਇਸ ਮਾਮਲੇ ਦਾ ਸਾਰਾ ਠੀਕਰਾ ਪਿਛਲੀਆਂ ਸਰਕਾਰਾਂ ਦੇ ਸਿਰ ਭੰਨਦਿਆਂ ਕਿਹਾ ਕਿ ਪਿਛਲੇ ਸਾਲਾਂ ਵਿਚ ਪੰਜਾਬ ਦੀ ਸੱਤਾ ’ਤੇ ਕਾਬਜ਼ ਰਹੀਆਂ ਸਰਕਾਰਾਂ ਨੇ ਸਰਕਾਰੀ ਵਿਭਾਗਾਂ ਵਿਚ ਨਵੀਆਂ ਭਰਤੀਆਂ ਨਹੀਂ ਕੀਤੀਆਂ, ਜਿਸ ਕਾਰਨ ਸਰਕਾਰ ਨੂੰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਚਿਪ ਕਾਰਨ ਜੋ ਪੈਂਡੈਂਸੀ ਦੀ ਸਮੱਸਿਆ ਆਈ ਹੈ, ਉਸ ਨੂੰ ਲੈ ਕੇ ਠੇਕੇਦਾਰ ਦੀ 5 ਕਰੋੜ ਦੀ ਸਕਿਓਰਿਟੀ ਜ਼ਬਤ ਕਰ ਲਈ ਜਾਵੇਗੀ। ਉਥੇ ਹੀ, 6 ਕਰੋੜ ਰੁਪਏ ਦੇ ਕੰਮ ਨੂੰ ਵੀ ਜ਼ਬਤ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੂੰ ਬਲੈਕ ਲਿਸਟ ਕਰਾਰ ਦਿੱਤਾ ਜਾਵੇਗਾ। ਸਟਾਫ ਦੀ ਘਾਟ ਸਬੰਧੀ ਮੰਤਰੀ ਨੇ ਕਿਹਾ ਕਿ ਜਲਦ ਸਟਾਫ ਦੀ ਭਰਤੀ ਕੀਤੀ ਜਾਵੇਗੀ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਵਿਜੀਲੈਂਸ ਦੇ ਚੀਫ ਸਮੇਤ ਹੋਰਨਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਸਬੰਧੀ ਮੰਤਰੀ ਨੇ ਕਿਹਾ ਕਿ ਇਹ ਵਿਭਾਗ ਸੀ. ਐੱਮ. ਮਾਨ ਦੇ ਕੋਲ ਹੈ। ਅਜਿਹੀ ਸਥਿਤੀ ਵਿਚ ਕਈ ਖਾਮੀਆਂ ਸੀ. ਐੱਮ. ਮਾਨ ਕੋਲ ਉਨ੍ਹਾਂ ਬਾਰੇ ਆਈਆਂ ਹੋਣਗੀਆਂ, ਤਾਂ ਹੀ ਉਨ੍ਹਾਂ ਇਹ ਕਾਰਵਾਈ ਕੀਤੀ ਹੈ।
ਟਰਾਂਸਪੋਰਟ ਮੰਤਰੀ ਨੇ ਜੰਮੂ ਵਿਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਅੱਤਵਾਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਤਾਂ ਕਿ ਦੁਬਾਰਾ ਅਜਿਹੀ ਘਟਨਾ ਨਾ ਵਾਪਰੇ। ਪੰਜਾਬ ਵਿਚ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਨਾਲ ਡਰਨ ਦੀ ਲੋੜ ਨਹੀਂ ਹੈ। ਭੁੱਲਰ ਨੇ ਕਿਹਾ ਕਿ ਡਰਾਈਵਿੰਗ ਟੈਸਟ ਟ੍ਰੈਕ ਦੇ ਸੰਚਾਲਨ, ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.), ਪ੍ਰਿੰਟਿੰਗ ਅਤੇ ਡਰਾਈਵਿੰਗ ਲਾਇਸੈਂਸ ਪ੍ਰਿੰਟਿੰਗ ਲਈ ਨਵੇਂ ਟੈਂਡਰ ਨੂੰ ਜਲਦ ਅੰਤਿਮ ਰੂਪ ਦਿੱਤਾ ਜਾਵੇਗਾ। ਪਿਛਲੇ 6 ਮਹੀਨਿਆਂ ਤੋਂ ਲੱਖਾਂ ਪੈਂਡਿੰਗ ਆਰ. ਸੀਜ਼ ਅਤੇ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਉਨ੍ਹਾਂ ਭਰੋਸਾ ਦਿੱਤਾ ਕਿ 2 ਮਹੀਨਿਆਂ ਅੰਦਰ ਪੈਂਡੈਂਸੀ ਨੂੰ ਕਲੀਅਰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਅਤੇ ਆਰ. ਸੀ. ਸਮਾਰਟ ਚਿਪ ਕੰਪਨੀ ਦਾ ਠੇਕਾ ਮਾਣਯੋਗ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ ਪਰ ਸੇਵਾ ਵਿਚ ਖਾਮੀਆਂ ਕਾਰਨ ਜਲਦ ਸਮਾਰਟ ਚਿਪ ਕੰਪਨੀ ਨੂੰ ਬਲੈਕਲਿਸਟ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਦੇਸ਼ ਭਰ ਵਿਚ ਕਿਤੇ ਵੀ ਕੰਮ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੰਪਨੀ ਦੀ 5 ਕਰੋੜ ਰੁਪਏ ਦੀ ਸਕਿਓਰਿਟੀ ਜ਼ਬਤ ਕਰ ਲਈ ਹੈ ਅਤੇ ਉਨ੍ਹਾਂ ਦੇ ਬਕਾਇਆ 5 ਕਰੋੜ ਰੁਪਏ ਦੀ ਅਦਾਇਗੀ ’ਤੇ ਵੀ ਰੋਕ ਲਾ ਦਿੱਤੀ ਹੈ।
ਟਰਾਂਸਪੋਰਟ ਮੰਤਰੀ ਨੇ ਮੰਨਿਆ : ਆਰ. ਟੀ. ਓ. ਅਤੇ ਟੈਸਟ ਟ੍ਰੈਕ ’ਤੇ ਵਿਜੀਲੈਂਸ ਦੀ ਕਾਰਵਾਈ ਗਲਤ ਢੰਗ ਨਾਲ ਹੋਈ
ਪੰਜਾਬ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਘਪਲੇ ਨਾਲ ਜੁੜੇ ਮਾਮਲੇ ਵਿਚ ਹਾਲ ਹੀ ਵਿਚ ਵਿਜੀਲੈਂਸ ਵਿਭਾਗ ਵੱਲੋਂ ਸੂਬੇ ਭਰ ਦੇ ਆਰ. ਟੀ. ਓ. ਦਫਤਰਾਂ ਅਤੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿਚ ਕੀਤੀ ਗਈ ਰੇਡ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਵੱਲੋਂ ਵਿਜੀਲੈਂਸ ਦੇ ਚੀਫ ਡਾਇਰੈਕਟਰ ਏ. ਡੀ. ਜੀ. ਪੀ. ਐੱਸ. ਪੀ. ਐੱਸ. ਪਰਮਾਰ, ਫਲਾਇੰਗ ਸਕੁਐਡ ਏ. ਆਈ. ਜੀ. ਸਵਰਨਦੀਪ ਸਿੰਘ ਅਤੇ ਵਿਜੀਲੈਂਸ ਬਿਊਰੋ ਜਲੰਧਰ ਦੇ ਐੱਸ. ਐੱਸ. ਪੀ. ਹਰਪ੍ਰੀਤ ਸਿੰਘ ਨੂੰ ਸਸਪੈਂਡ ਕਰਨ ਦੇ ਮਾਮਲੇ ਵਿਚ ਲਾਲਜੀਤ ਸਿੰਘ ਭੁੱਲਰ ਨੇ ਮੰਨਿਆ ਕਿ ਵਿਜੀਲੈਂਸ ਵੱਲੋਂ ਕੀਤੀ ਗਈ ਕਾਰਵਾਈ ਗਲਤ ਢੰਗ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਅਧਿਕਾਰੀਆਂ ਨੇ ਸਿਰਫ ਏਜੰਟਾਂ ਨੂੰ ਹੀ ਟਾਰਗੈੱਟ ਕੀਤਾ। ਅਧਿਕਾਰੀਆਂ ਨੂੰ ਆਰ. ਟੀ. ਓ. ਵਿਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਸੀ।
ਆਰ. ਟੀ. ਓ. ਨੂੰ ਟ੍ਰੈਕ ’ਤੇ ਜਨਤਾ ਦੀਆਂ ਸਹੂਲਤਾਂ ਸਬੰਧੀ ਜਾਰੀ ਹੋਣਗੇ ਡੇਢ ਲੱਖ ਰੁਪਏ
ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ’ਤੇ ਆਉਣ ਵਾਲੇ ਬਿਨੈਕਾਰਾਂ ਦੇ ਬੈਠਣ, ਪੀਣ ਵਾਲੇ ਪਾਣੀ, ਛਾਂ ਸਮੇਤ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ 1.50 ਲੱਖ ਰੁਪਏ ਜਾਰੀ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਿਕਸੇ ਵੀ ਸੈਂਟਰ ਵਿਚ ਕੋਈ ਵੀ ਵਿਵਸਥਾ ਬਾਕੀ ਰਹਿ ਜਾਵੇਗੀ ਤਾਂ ਆਰ. ਟੀ. ਓ. ਵਿਭਾਗ ਨੂੰ ਲਿਖਤੀ ਡਿਮਾਂਡ ਕਰੇ, ਜਨਤਾ ਦੀਆਂ ਸਹੂਲਤਾਂ ਸਬੰਧੀ ਹਰੇਕ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
ਜਲੰਧਰ ਦੇ ਆਰ. ਟੀ. ਓ. ਦਾ ਫਾਰਮੂਲਾ ਪੂਰੇ ਪੰਜਾਬ ਦੇ ਟਰਾਂਸਪੋਰਟ ਦਫਤਰਾਂ ’ਚ ਹੋਵੇਗਾ ਲਾਗੂ
ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਜਲੰਧਰ ਦੇ ਰਿਜਨਲ ਟਰਾਂਸਪੋਰਟ ਅਧਿਕਾਰੀ ਬਲਬੀਰ ਰਾਜ ਸਿੰਘ ਵੱਲੋਂ ਟਰਾਂਸਪੋਰਟ ਦਫਤਰ ਅਤੇ ਸੈਂਟਰ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਨਕੇਲ ਕੱਸਣ ਨੂੰ ਲੈ ਕੇ ਜੋ ਫਾਰਮੂਲੇ ਲਾਗੂ ਕੀਤਾ ਹੈ, ਉਸ ਨੂੰ ਪੂਰੇ ਪੰਜਾਬ ਭਰ ਵਿਚ ਲਾਗੂ ਕੀਤਾ ਜਾਵੇਗਾ। ਲਾਲਜੀਤ ਭੁੱਲਰ ਨੇ ਕਿਹਾ ਕਿ ਉਹ ਕੱਲ ਹੀ ਹੁਕਮ ਜਾਰੀ ਕਰਨਗੇ ਕਿ ਆਰ. ਟੀ. ਓ. ਅਤੇ ਟ੍ਰੈਕ ’ਤੇ ਡਿਊਟੀ ਕਰ ਰਹੇ ਕਰਮਚਾਰੀਆਂ ਦੇ ਮੋਬਾਈਲ ਫੋਨ ਸਵੇਰੇ 9 ਵਜੇ ਹੀ ਇਕ ਥਾਂ ਜਮ੍ਹਾ ਕਰਵਾ ਲਏ ਜਾਣਗੇ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਮੋਬਾਈਲ ਸ਼ਾਮ 5 ਵਜੇ ਦਫਤਰ ਬੰਦ ਹੋਣ ’ਤੇ ਹੀ ਮਿਲ ਸਕਣਗੇ।
ਆਰ. ਟੀ. ਓ. ਅਤੇ ਟ੍ਰੈਕ ’ਤੇ ਦਲਾਲਾਂ ਦੀ ਐਂਟਰੀ ਸਖ਼ਤੀ ਨਾਲ ਹੋਵੇਗੀ ਬੈਨ
ਕੈਬਨਿਟ ਮੰਤਰੀ ਨੇ ਦੱਸਿਆ ਕਿ ਆਰ. ਟੀ. ਓ. ਅਤੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿਚ ਦਲਾਲਾਂ ਦੀ ਐਂਟਰੀ ਨੂੰ ਸਖ਼ਤੀ ਨਾਲ ਬੈਨ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜਲੰਧਰ ਤੋਂ ਸ਼ੁਰੂ ਹੋਈ ਇਸ ਵਿਵਸਥਾ ਨੂੰ ਪੂਰੇ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ ਕਿ ਸਿਰਫ ਲਾਇਸੈਂਸ ਬਣਵਾਉਣ ਆਏ ਬਿਨੈਕਾਰ ਨੂੰ ਹੀ ਟਰਾਇਲ ਦੇਣ ਸਬੰਧੀ ਦਫਤਰ ਦੇ ਅੰਦਰ ਆਉਣ ਦੀ ਇਜਾਜ਼ਤ ਹੋਵੇਗੀ।
ਬਿਨੈਕਾਰਾਂ ਨੂੰ ਦਸਤਾਵੇਜ਼ਾਂ ਨਾਲ ਖੁਦ ਭਰ ਕੇ ਦੇਣਾ ਹੋਵੇਗਾ ਸਵੈ ਐਲਾਨ-ਪੱਤਰ
ਟਰਾਂਸਪੋਰਟ ਵਿਭਾਗ ਵਿਚ ਆਪਣੇ ਕੰਮਾਂ ਨੂੰ ਲੈ ਕੇ ਆਉਣ ਵਾਲੇ ਲੋਕ ਡਰਾਈਵਿੰਗ ਲਾਇਸੈਂਸ, ਲਰਨਿੰਗ ਲਾਇਸੈਂਸ, ਇੰਟਰਨੈਸ਼ਨਲ ਲਾਇਸੈਂਸ, ਐਕਸਟ੍ਰੈਕਟ ਕਾਪੀ ਸਮੇਤ ਹੋਰਨ ਕੰਮ ਕਰਵਾਉਣ ਆਉਂਦੇ ਹਨ ਪਰ ਹੁਣ ਟੈਸਟ ਸੈਂਟਰ ਵਿਚ ਆਉਣ ਵਾਲੇ ਹਰੇਕ ਬਿਨੈਕਾਰ ਦੇ ਮੇਨ ਐਂਟਰੀ ਗੇਟ ’ਤੇ ਦਸਤਾਵੇਜ਼ ਚੈੱਕ ਕਰ ਕੇ ਸਿਰਫ ਬਿਨੈਕਾਰ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਮਿਲੇਗੀ। ਇਸ ਦੌਰਾਨ ਆਰ. ਟੀ. ਓ. ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਸੈਂਟਰ ਵਿਚ ਹੁਣ ਡਰਾਈਵਿੰਗ ਜਾਂ ਲਰਨਿੰਗ ਲਾਇਸੈਂਸ ਬਣਵਾਉਣ ਆਏ ਹਰੇਕ ਬਿਨੈਕਾਰ ਨੂੰ ਮੌਕੇ ’ਤੇ ਇਕ ਸਵੈ ਐਲਾਨ-ਪੱਤਰ ਭਰ ਕੇ ਦੇਣਾ ਹੋਵੇਗਾ ਕਿ ਉਸ ਨੇ ਕਿਸੇ ਏਜੰਟ ਅਤੇ ਸਟਾਫ ਕਰਮਚਾਰੀ ਨੂੰ ਲਾਇਸੈਂਸ ਬਣਵਾਉਣ ਸਬੰਧੀ ਰਿਸ਼ਵਤ ਜਾਂ ਵਾਧੂ ਪੈਸੇ ਨਹੀਂ ਦਿੱਤੇ ਹਨ।