ਹੈਦਰਾਬਾਦ : ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਪੂਰੇ ਦੇਸ਼ ਵਿਚ ਰੋਹ ਹੈ। ਇਸ ਹਮਲੇ ਵਿਚ ਅੱਤਵਾਦੀਆਂ ਨੇ 28 ਬੇਕਸੂਰ ਸੈਲਾਨੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਹਮਲੇ ਮਗਰੋਂ ਪਾਬੰਦੀਸ਼ੁਦਾ ਭਾਕਪਾ (ਮਾਓਵਾਦੀ) ਦੇ 14 ਮੈਂਬਰਾਂ ਨੇ ਵੀਰਵਾਰ ਨੂੰ ਤੇਲੰਗਾਨਾ ਪੁਲਸ ਸਾਹਮਣੇ ਆਤਮਸਮਰਪਣ ਕੀਤਾ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਵੱਖ-ਵੱਖ ਕੇਡਰਾਂ ਨਾਲ ਸਬੰਧਤ ਮਾਓਵਾਦੀਆਂ, ਜਿਨ੍ਹਾਂ ਵਿਚ ਦੋ ਏਰੀਆ ਕਮੇਟੀ ਮੈਂਬਰ (ਏ. ਸੀ. ਐਮ) ਸ਼ਾਮਲ ਹਨ, ਨੇ ਵਾਰੰਗਲ ਪੁਲਸ ਕਮਿਸ਼ਨਰੇਟ ਵਿਖੇ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ. ਜੀ. ਪੀ) ਮਲਟੀ ਜ਼ੋਨ-1, ਐੱਸ. ਚੰਦਰਸ਼ੇਖਰ ਰੈਡੀ ਦੇ ਸਾਹਮਣੇ ਆਤਮਸਮਰਪਣ ਕੀਤਾ।
ਆਈ. ਜੀ. ਪੀ. ਨੇ ਕਿਹਾ ਕਿ ਇਸ ਸਾਲ ਹੁਣ ਤੱਕ ਇਕ ਏਰੀਆ ਕਮੇਟੀ ਮੈਂਬਰ ਸਮੇਤ ਵੱਖ-ਵੱਖ ਕੇਡਰਾਂ ਦੇ 250 ਮਾਓਵਾਦੀਆਂ ਨੇ ਪੁਲਸ ਅੱਗੇ ਆਤਮਸਮਰਪਣ ਕੀਤਾ ਹੈ। ਜਨਵਰੀ 2025 ਤੋਂ ਹੁਣ ਤੱਕ 12 ਮਾਓਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਪੁਲਸ ਵੱਲੋਂ 'ਆਪ੍ਰੇਸ਼ਨ ਚੇਯੂਥਾ' ਪ੍ਰੋਗਰਾਮ ਤਹਿਤ ਆਤਮਸਮਰਪਣ ਕੀਤੇ ਜਾਣ ਦੀ ਪਿੱਛੇ ਦੀ ਵਜ੍ਹਾ ਮਾਓਵਾਦੀਆਂ ਲਈ ਕੀਤੇ ਜਾ ਰਹੇ ਭਲਾਈ ਉਪਾਵਾਂ ਅਤੇ ਆਦਿਵਾਸੀ ਲੋਕਾਂ ਲਈ ਵਿਕਾਸ ਅਤੇ ਭਲਾਈ ਯੋਜਨਾਵਾਂ ਬਾਰੇ ਜਾਣਨ ਤੋਂ ਬਾਅਦ ਮਾਓਵਾਦੀ ਹਥਿਆਰ ਛੱਡ ਰਹੇ ਹਨ ਅਤੇ ਆਤਮ ਸਮਰਪਣ ਕਰ ਰਹੇ ਹਨ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਤਮਸਮਰਪਣ ਕਰਨ ਵਾਲੇ ਜ਼ਿਆਦਾਤਰ ਮਾਓਵਾਦੀ ਗੁਆਂਢੀ ਛੱਤੀਸਗੜ੍ਹ ਸੂਬੇ ਦੇ ਹਨ।