ਆਈ.ਪੀ.ਐੱਲ. ਦਾ ਖ਼ੁਮਾਰ ਇਸ ਸਮੇਂ ਕ੍ਰਿਕਟ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸੇ ਦੌਰਾਨ ਪਿਛਲੇ ਮੈਚ ਦੌਰਾਨ ਗੁਜਰਾਤ ਜਾਇੰਟਸ ਦਾ ਧਾਕੜ ਖਿਡਾਰੀ ਗਲੈੱਨ ਫਿਲਿਪਸ ਗ੍ਰੋਇਨ ਇੰਜਰੀ (ਪੱਟ ਦੀ ਸੱਟ) ਕਾਰਨ ਟੂਰਨਾਮੈਂਟ ਦੇ ਬਾਕੀ ਮੈਚਾਂ 'ਚੋਂ ਬਾਹਰ ਹੋ ਗਏ ਹਨ ਤੇ ਨਿਊਜ਼ੀਲੈਂਡ ਵਾਪਸ ਚਲੇ ਗਏ ਹਨ।
ਉਨ੍ਹਾਂ ਦੀ ਜਗ੍ਹਾ ਗੁਜਰਾਤ ਟਾਈਟਨਜ਼ ਨੇ ਸ਼੍ਰੀਲੰਕਾ ਦੇ ਦਸੁਨ ਸ਼ਨਾਕਾ ਨੂੰ ਟੀਮ 'ਚ ਸ਼ਾਮਲ ਕਰ ਲਿਆ ਹੈ। ਸ਼ਨਾਕਾ ਨੂੰ ਗੁਜਰਾਤ ਨੇ ਸਾਲ 2023 'ਚ ਵੀ ਟੀਮ ਦਾ ਹਿੱਸਾ ਬਣਾਇਆ ਸੀ ਤੇ 75 ਲੱਖ ਰੁਪਏ 'ਚ ਖਰੀਦਿਆ ਸੀ। ਇਸ ਦੌਰਾਨ ਸ਼ਨਾਕਾ ਨੇ ਟੀਮ ਲਈ ਸਿਰਫ਼ 3 ਮੈਚ ਖੇਡੇ ਸਨ, ਜਿਨ੍ਹਾਂ 'ਚ ਉਸ ਨੇ 26 ਦੌੜਾਂ ਬਣਾਈਆਂ ਸਨ, ਜਦਕਿ ਉਸ ਨੂੰ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ।
ਜ਼ਿਕਰਯੋਗ ਹੈ ਕਿ ਸ਼ਨਾਕਾ ਨੇ ਕੁੱਲ 243 ਮੈਚ ਖੇਡੇ ਹਨ, ਜਿਨ੍ਹਾਂ 'ਚ ਉਸ ਨੇ 26.17 ਦੀ ਔਸਤ ਨਾਲ 4449 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਗੇਂਦਬਾਜ਼ੀ 'ਚ ਵੀ ਉਸ ਨੇ 91 ਵਿਕਟਾਂ ਲਈਆਂ ਹਨ। ਉਸ ਕੋਲ ਇਹ ਇਕ ਸ਼ਾਨਦਾਰ ਮੌਕਾ ਹੋਵੇਗਾ ਕਿ ਉਹ ਗੁਜਰਾਤ ਲਈ ਚੰਗਾ ਪਰਫਾਰਮ ਕਰ ਕੇ ਅਗਲੀ ਆਕਸ਼ਨ 'ਚ ਆਪਣੀ ਦਾਅਵੇਦਾਰੀ ਮਜ਼ਬੂਤ ਕਰੇ।