ਨਵੀਂ ਦਿੱਲੀ : ਜੰਮ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਤੋਂ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਲਗਾਤਾਰ ਭਾਰਤ ਖ਼ਿਲਾਫ਼ ਜ਼ਹਿਰ ਉਗਲ ਰਿਹਾ ਹੈ। ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦੇਣ ਵਾਲੇ ਪਾਕਿਸਤਾਨੀ ਰੱਖਿਆ ਮੰਤਰੀ ਦੀ ਬੋਲਤੀ ਭਾਰਤ ਨੇ ਬੰਦ ਕਰ ਦਿੱਤੀ ਹੈ। ਭਾਰਤ ਨੇ ਖਵਾਜਾ ਆਸਿਫ਼ ਦੇ ਅਧਿਕਾਰਤ 'ਐਕਸ' ਅਕਾਊਂਟ ਨੂੰ ਭਾਰਤ 'ਚ ਬੈਨ ਕਰ ਦਿੱਤਾ ਹੈ। ਇਹ ਕਦਮ 22 ਅਪ੍ਰੈਲ 2025 ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਵਿਚਾਲੇ ਚੁੱਕਿਆ ਗਿਆ ਹੈ। ਇਸ ਹਮਲੇ 'ਚ 26 ਲੋਕਾਂ ਦੀ ਮੌਤ ਹੋ ਗਈ ਸੀ।
ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਉਹ ਆਪਣੇ ਪਰਮਾਣੂ ਹਥਿਆਰਾਂ ਦੀ ਵਰਤੋਂ ਉਦੋਂ ਕਰੇਗਾ, ਜਦੋਂ 'ਸਾਡੀ ਹੋਂਦ ਨੂੰ ਸਿੱਧਾ ਖਤਰਾ ਹੋਵੇਗਾ'। ਇਸ ਤੋਂ ਪਹਿਲੇ ਪਾਕਿਸਤਾਨ ਨੇ ਪਹਿਲਗਾਮ ਹਮਲੇ ਦੀ ਜਾਂਚ 'ਚ ਚੀਨ ਅਤੇ ਰੂਸ ਨੂੰ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਸੀ। ਇਹੀ ਨਹੀਂ ਕਈ ਵਾਰ ਪਾਕਿਸਤਾਨ ਦਾ ਰੱਖਿਆ ਮੰਤਰੀ ਭਾਰਤ ਖ਼ਿਲਾਫ਼ ਨਫ਼ਰਤੀ ਬਿਆਨ ਦੇ ਚੁੱਕਿਆ ਹੈ।