ਉੱਤਰ ਪ੍ਰਦੇਸ਼ 'ਚ ਗਾਜ਼ੀਪੁਰ ਪੁਲਸ ਨੇ ਜ਼ਿਲ੍ਹੇ ਦੇ 29 ਲੋੜੀਂਦੇ ਅਪਰਾਧੀਆਂ ਦੀ ਇਕ ਨਵੀਂ ਸੂਚੀ ਜਾਰੀ ਕੀਤੀ ਹੈ, ਜਿਸ 'ਚ ਮਾਫੀਆ ਡੌਨ ਮੁਖਤਾਰ ਅੰਸਾਰੀ ਦੀ ਪਤਨੀ ਅਫਸ਼ਾ ਅੰਸਾਰੀ ਦਾ ਨਾਮ ਸਭ ਤੋਂ ਉੱਪਰ ਹੈ। ਕਈ ਸਾਲਾਂ ਤੋਂ ਭਗੌੜਾ ਰਹੀ ਅਫਸ਼ਾ ਨੂੰ ਗਾਜ਼ੀਪੁਰ ਅਤੇ ਮਊ ਪੁਲਸ ਨੇ ਭਗੌੜਾ ਐਲਾਨ ਕੀਤਾ ਹੋਇਆ ਹੈ। ਦੋਵਾਂ ਹੀ ਜ਼ਿਲ੍ਹਿਆਂ ਵਿਚ ਉਸ 'ਤੇ 50,000-50,000 ਰੁਪਏ ਪ੍ਰਤੀ ਵਿਅਕਤੀ ਦਾ ਇਨਾਮ ਐਲਾਨਿਆ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗਾਜ਼ੀਪੁਰ ਪੁਲਸ ਨੇ ਅਪਰਾਧੀਆਂ 'ਤੇ ਸ਼ਿਕੰਜਾ ਕੱਸਣ ਲਈ 15 ਦਿਨਾਂ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੌਰਾਨ ਲੋੜੀਂਦੇ ਇਨਾਮੀ ਅਪਰਾਧੀਆਂ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਰਹੀ ਹੈ। SWAT ਅਤੇ ਨਿਗਰਾਨੀ ਟੀਮਾਂ ਨੂੰ 24 ਘੰਟੇ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਪੁਲਸ ਸੰਭਾਵਿਤ ਟਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਸ ਨੇ ਸੂਚਨਾ ਪ੍ਰਣਾਲੀ ਨੂੰ ਵੀ ਸਰਗਰਮ ਕਰ ਦਿੱਤਾ ਹੈ ਅਤੇ ਆਮ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਸੂਚਨਾ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਉਨ੍ਹਾਂ ਨੂੰ ਇਨਾਮ ਦੀ ਰਕਮ ਵੀ ਦਿੱਤੀ ਜਾਵੇਗੀ।
ਅਫਸ਼ਾ ਅੰਸਾਰੀ ਦਾ ਨਾਮ ਸੁਰਖੀਆਂ 'ਚ ਕਿਉਂ ਆਇਆ?
ਤੁਹਾਨੂੰ ਦੱਸ ਦੇਈਏ ਕਿ ਅਫਸ਼ਾ ਅੰਸਾਰੀ ਨਾ ਸਿਰਫ਼ ਮੁਖਤਾਰ ਅੰਸਾਰੀ ਦੀ ਪਤਨੀ ਹੈ, ਸਗੋਂ ਉਸ ਵਿਰੁੱਧ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਗੈਂਗਸਟਰ ਐਕਟ ਵੀ ਸ਼ਾਮਲ ਹੈ। ਦਿਲਚਸਪ ਗੱਲ ਇਹ ਹੈ ਕਿ ਅਫਸ਼ਾ 28 ਮਾਰਚ, 2024 ਨੂੰ ਮੁਖਤਾਰ ਅੰਸਾਰੀ ਦੀ ਮੌਤ ਦੇ ਸਮੇਂ ਵੀ ਸਾਹਮਣੇ ਨਹੀਂ ਆਈ, ਜਿਸ ਤੋਂ ਉਸ ਦੀ ਲੋਕੇਸ਼ਨ ਅਤੇ ਇਰਾਦਿਆਂ ਬਾਰੇ ਹੋਰ ਸਵਾਲ ਖੜ੍ਹੇ ਹੋ ਗਏ। ਹੁਣ ਪੁਲਸ ਨੇ ਉਸ ਦੀ ਪਛਾਣ ਮੋਸਟ ਵਾਂਟੇਡ ਅਪਰਾਧੀ ਵਜੋਂ ਦਰਜ ਲਈ ਹੈ।
ਲੋੜੀਂਦੇ ਅਪਰਾਧੀਆਂ ਦੀ ਪੂਰੀ ਸੂਚੀ
ਅਫਸ਼ਾ ਤੋਂ ਇਲਾਵਾ ਇਸ ਸੂਚੀ ਵਿਚ ਜਿਨ੍ਹਾਂ ਅਪਰਾਧੀਆਂ 'ਤੇ 50,000 ਰੁਪਏ ਦਾ ਇਨਾਮ ਐਲਾਨਿਆ ਗਿਆ ਹੈ, ਉਹ ਹਨ ਅੰਕਿਤ ਰਾਏ, ਪ੍ਰਹਿਲਾਦ ਗੋਂਡ ਅਤੇ ਕਰਮੇਸ਼ ਗੋਂਡ। ਉੱਥੇ ਹੀ 25,000 ਰੁਪਏ ਦੇ ਇਨਾਮੀ ਬਦਮਾਸ਼ਾਂ 'ਚ ਸ਼ਾਮਲ ਹਨ: ਸੋਨੂੰ ਮੁਸਹਰ, ਬਬਲੂ ਪਟਵਾ, ਛੋਟੇ ਲਾਲ, ਵਿਭਾਸ਼ ਪਾਂਡੇ, ਬਿੱਟੂ ਕਿੰਨਰ, ਵਿਸ਼ਾਲ ਪਾਸੀ, ਮੁਹੰਮਦ ਇਮਰਾਨ, ਸ਼ਹਿਜ਼ਾਦ ਖਾਨ ਅਤੇ ਕਈ ਹੋਰ।