ਬੰਗਾ : ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਬੰਗਾ ਅਨਾਜ ਮੰਡੀ ਵਿਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ ਅਤੇ ਸਮੁੱਚੇ ਸੀਜ਼ਨ ਦੌਰਾਨ ਕਿਸੇ ਵੀ ਅਨਾਜ ਮੰਡੀ ਵਿਚ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਸਮੇਤ ਕਣਕ ਦੇ ਖ਼ਰੀਦ ਪ੍ਰਬੰਧਾਂ ਨਾਲ ਜੁੜੇ ਕਿਸੇ ਵੀ ਵਰਗ ਨੂੰ ਕੋਈ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕਿਸਾਨਾਂ ਲਈ ਮੰਤਰੀ ਕਟਾਰੂਚੱਕ ਵੱਲੋਂ ਅਹਿਮ ਐਲਾਨ ਕਰਦੇ ਹੋਏ ਕਿਹਾ ਗਿਆ ਕਿ ਐੱਮ. ਐੱਸ. ਪੀ. 2425 ਰੁਪਏ ਤੈਅ ਕੀਤੀ ਗਈ ਹੈ। ਕਿਸਾਨਾਂ ਦੇ ਪੈਸੇ 24 ਘੰਟਿਆਂ ਦੇ ਅੰਦਰ-ਅੰਦਰ ਉਨ੍ਹਾਂ ਦੇ ਖ਼ਾਤਿਆਂ ਵਿੱਚ ਟਰਾਂਸਫ਼ਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਖ਼ਰੀਦ, ਲਿਫ਼ਟਿੰਗ, ਬਾਰਦਾਨੇ, ਕਰੇਟਾਂ ਅਤੇ ਅਦਾਇਗੀ ਸਬੰਧੀ ਸਾਰੇ ਲੋੜੀਂਦੇ ਪ੍ਰਬੰਧਾਂ ਤੋਂ ਇਲਾਵਾ ਪੀਣ ਵਾਲੇ ਪਾਣੀ, ਸਾਫ਼-ਸਫਾਈ, ਰੋਸ਼ਨੀ, ਗੁਸਲਖਾਨਿਆਂ ਆਦਿ ਦੇ ਵੀ ਢੁਕਵੇਂ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਕਣਕ ਦੀ ਬੰਪਰ ਫ਼ਸਲ ਹੋਣ ਦੀ ਸੰਭਾਵਨਾ ਹੈ ਅਤੇ 124 ਲੱਖ ਮੀਟ੍ਰਿਕ ਟਨ ਕਣਕ ਖ਼ਰੀਦਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿਚ 4 ਲੱਖ 16 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿਚੋਂ 3 ਲੱਖ 26 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਖ਼ਰੀਦ ਕੀਤੀ ਜਿਣਸ ਦਾ 151 ਕਰੋੜ ਰੁਪਿਆ ਉਨ੍ਹਾਂ ਦੇ ਖਾਤਿਆਂ ਵਿਚ ਪਾਇਆ ਜਾ ਚੁੱਕਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੰਡੀਆਂ ਵਿਚ ਆਉਣ ਵਾਲੇ ਕਣਕ ਦੇ ਹਰੇਕ ਦਾਣੇ ਦੀ ਖ਼ਰੀਦ ਨੂੰ ਯਕੀਨੀ ਬਣਾਉਣ ਅਤੇ 24 ਘੰਟਿਆਂ ਅੰਦਰ ਅਦਾਇਗੀ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਦੌਰਾਨ ਉਨ੍ਹਾਂ ਕਿਸਾਨ ਰਾਜਵੀਰ ਸਿੰਘ, ਪਿੰਡ ਮਾਹਿਲ ਗਹਿਲਾਂ ਦੀ ਢੇਰੀ ਦੀ ਖ਼ਰੀਦ ਕਰਵਾ ਕੇ ਖ਼ਰੀਦ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਉਨ੍ਹਾਂ ਹਾਜ਼ਰ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਬੰਗਾ , ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਬੋਰਡ ਦੇ ਉੱਪ ਚੇਅਰਮੈਨ ਕੁਲਜੀਤ ਸਿੰਘ ਸਰਹਾਲ, ਐੱਸ. ਡੀ. ਐੱਮ. ਬੰਗਾ ਵਿਪਨ ਭੰਡਾਰੀ, ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਲਬੀਰ ਕਰਨਾਣਾ, ਨਗਰ ਸੁਧਾਰ ਟਰੱਸਟ ਨਵਾਂਸ਼ਹਿਰ ਦੇ ਟਰੱਸਟੀ ਹਰਜੋਤ ਕੌਰ ਲੋਹਟੀਆ, ਖ਼ੁਰਾਕ ਤੇ ਸਿਵਲ ਸਪਲਾਈ ਮਹਿਕਮੇ ਦੇ ਡਿਪਟੀ ਡਾਇਰੈਕਟਰ ਰਜਨੀਸ਼ ਕੌਰ, ਡੀ. ਐੱਫ਼. ਐੱਸ. ਸੀ. ਮਨਜਿੰਦਰ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਜਸ਼ਨਦੀਪ ਸਿੰਘ ਨੈਣੋਵਾਲ, ਮਾਰਕੀਟ ਕਮੇਟੀ ਬੰਗਾ ਦੇ ਸਕੱਤਰ ਵਰਿੰਦਰ ਕੁਮਾਰ ਤੋਂ ਇਲਾਵਾ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।