ਪੰਜਾਬ ਦੇ ਮੌਸਮ ਵਿਚ ਹੋਈ ਤਬਦੀਲੀ ਕਾਰਨ ਜਿੱਥੇ ਆਮ ਲੋਕਾਂ ਨੂੰ ਥੋੜ੍ਹੀ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਕਿਸਾਨਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਬੀਤੀ ਦੇਰ ਰਾਤ ਅਚਾਨਕ ਹੀ ਆਏ ਤੇਜ਼ ਤੂਫ਼ਾਨ ਹਨ੍ਹੇਰੀ ਬਾਰਿਸ਼ ਨੇ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਕੀਤਾ, ਉੱਥੇ ਹੀ ਕਿਸਾਨਾਂ ਦੀ ਖੇਤਾਂ ਵਿੱਚ ਕਣਕ ਦੀ ਪੱਕੀ ਹੋਈ ਫ਼ਸਲ ਦਾ ਵੀ ਭਾਰੀ ਨੁਕਸਾਨ ਹੋਇਆ। ਰਾਤ ਤੇਜ਼ ਤੂਫ਼ਾਨ ਕਾਰਨ ਦੁਕਾਨਾਂ ਦੇ ਬੋਰਡ ਨੁਕਸਾਨੇ ਜਾਣ ਦੇ ਨਾਲ- ਨਾਲ ਕਈ ਵੱਡੇ ਦਰੱਖ਼ਤ ਵੀ ਸੜਕਾਂ 'ਤੇ ਆ ਡਿੱਗੇ। ਤੂਫਾਨ ਕਾਰਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਪਾਵਰ ਕਾਮ ਨੂੰ ਵੀ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ। ਕਈ ਖੰਭੇ ਅਤੇ ਬਿਜਲੀ ਦੀਆਂ ਤਾਰਾਂ ਪ੍ਰਭਾਵਿਤ ਹੋਈਆਂ, ਜਿਸ ਕਾਰਨ ਟਾਂਡਾ ਇਲਾਕੇ ਵਿੱਚ ਰਾਤ ਭਰ ਬਿਜਲੀ ਬੰਦ ਰਹੀ ਅਤੇ ਪਾਵਰ ਕਾਮ ਦੇ ਮੁਲਾਜ਼ਮਾਂ ਨੇ ਦਿਨ ਭਰ ਦੀ ਜੱਦੋ-ਜ਼ਹਿਦ ਉਪਰੰਤ ਬੰਦ ਹੋਈ ਬਿਜਲੀ ਸਪਲਾਈ ਨੂੰ ਬਹਾਲ ਕਰਵਾਇਆ।
ਇਸ ਸਬੰਧੀ ਸਹਾਇਕ ਕਾਰਜਕਾਰੀ ਇੰਜਨੀਅਰ ਸਬ ਡਿਵੀਜ਼ਨ ਟਾਂਡਾ ਇੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਤੂਫ਼ਾਨ ਅਤੇ ਹਨ੍ਹੇਰੀ ਕਾਰਨ ਪਾਵਰ ਕਾਮ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ ਉਧਰ ਦੂਸਰੇ ਪਾਸੇ ਤੂਫ਼ਾਨ ਦੇ ਨਾਲ-ਨਾਲ ਆਈ ਤੇਜ਼ ਬਾਰਿਸ਼ ਕਾਰਨ ਖੇਤਾਂ ਵਿੱਚ ਖੜ੍ਹੀ ਕਣਕ ਦੀ ਪੱਕੀ ਫ਼ਸਲ ਦਾ ਵੀ ਨੁਕਸਾਨ ਹੋਇਆ। ਜ਼ਿਕਰਯੋਗ ਹੈ ਕਿ ਵਿਸਾਖੀ ਤੋਂ ਬਾਅਦ ਇਲਾਕੇ ਅੰਦਰ ਅਜੇ ਤੱਕ ਕਣਕ ਦੀ ਕਟਾਈ ਦਾ ਕੰਮ ਪਹਿਲਾਂ ਤੋਂ ਹੀ ਲੇਟ ਸੀ ਅਤੇ ਹੁਣ ਬਾਰਿਸ਼ ਕਾਰਨ ਕਣਕ ਦੀ ਵਾਢੀ ਦੇ ਕੰਮ ਵਿਚ ਹੋਰ ਜ਼ਿਆਦਾ ਦੇਰੀ ਹੋਣ ਦੀ ਸੰਭਾਵਨਾ ਹੈ।
ਬੇਸ਼ੱਕ ਤੇਜ਼ ਬਾਰਿਸ਼ ਕਾਰਨ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ ਅਤੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ ਕਣਕ ਦੀ ਵਾਢੀ ਤੋਂ ਪਹਿਲਾਂ ਬਾਰਿਸ਼ ਲਾਹੇਵੰਦ ਨਹੀਂ ਦੱਸੀ ਜਾ ਰਹੀ ਕਿਉਂਕਿ ਕਿਸਾਨਾਂ ਨੇ ਧੀਆਂ ਪੁੱਤਰਾਂ ਵਾਂਗ ਪਾਲੀ ਹੋਈ ਕਣਕ ਦੀ ਫਸਲ ਦੀ ਸਾਂਭ ਸੰਭਾਲ ਕਰਨ ਦੇ ਨਾਲ ਨਾਲ ਸਾਲ ਭਰ ਦੇ ਵਾਸਤੇ ਤੂੜੀ ਦਾ ਪ੍ਰਬੰਧ ਵੀ ਕਰਨਾ ਹੈ। ਉਧਰ ਦੂਸਰੇ ਪਾਸੇ ਮਾਰਕੀਟ ਕਮੇਟੀ ਟਾਂਡਾ ਦੇ ਸਕੱਤਰ ਡਾ.ਹਰਪ੍ਰੀਤ ਸਿੰਘ ਜੌਹਲ ਦਾ ਕਹਿਣਾ ਹੈ ਕਿ ਸ਼ੱਕ ਦਾਣਾ ਮੰਡੀ ਟਾਂਡਾ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਮੌਸਮ ਦੀ ਖ਼ਰਾਬੀ ਕਾਰਨ ਮੰਡੀ ਵਿੱਚ ਦੀ ਆਮਦ ਅਜੇ ਤੱਕ ਮੱਠੀ ਰਫ਼ਤਾਰ ਵਿੱਚ ਹੈ।