ਪੰਜਾਬ ਵਿਜੀਲੈਂਸ ਬਿਊਰੋ (ਵੀ. ਬੀ.) ਨੇ ਕਪੂਰਥਲਾ ਜ਼ਿਲ੍ਹੇ ਦੇ ਸਿਵਲ ਹਸਪਤਾਲ ਭੁਲੱਥ ਵਿਚ ਭ੍ਰਿਸ਼ਟਾਚਾਰ ਘਪਲੇ ਦਾ ਪਰਦਾਫਾਸ਼ ਕੀਤਾ ਹੈ, ਜਿੱਥੇ ਕਰਮਚਾਰੀ ਝੂਠੀ ਨੈਗੇਟਿਵ ਡੋਪ ਪ੍ਰੀਖਣ ਰਿਪੋਰਟ ਜਾਰੀ ਕਰਨ ਲਈ ਰਿਸ਼ਵਤ ਲੈ ਰਹੇ ਸਨ। ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਾਇਰ ਇਕ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਵਿਭਾਗ ਨੇ 2 ਮੁਲਜ਼ਮਾਂ ਮਨਪ੍ਰੀਤ ਸਿੰਘ ਉਰਫ਼ ਸੋਨੂੰ ਵਾਰਡ ਅਟੈਂਡੈਂਟ ਅਤੇ ਭੋਲੂ ਉਰਫ਼ ਇਸਮਾਈਲ ਠੇਕਾ ਆਧਾਰਿਤ ਕੰਪਿਊਟਰ ਆਪ੍ਰੇਟਰ ਨੂੰ ਗ੍ਰਿਫ਼ਤਾਰ ਕੀਤਾ। ਤੀਜਾ ਮੁਲਜ਼ਮ ਮਾਨ ਸਿੰਘ ਇਕ ਠੇਕਾ ਆਧਾਰਿਤ ਲੈਬਾਰਟਰੀ ਟੈਕਨੀਸ਼ੀਅਨ ਗ੍ਰਿਫ਼ਤਾਰੀ ਤੋਂ ਬਚ ਰਿਹਾ ਹੈ।
ਸੂਬਾ ਵਿਜੀਲੈਂਸ ਵਿਭਾਗ ਦੇ ਚੀਫ਼ ਡਾਇਰੈਕਟਰ ਸੁਰਿੰਦਰ ਸਿੰਘ ਪਰਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਪਰੋਕਤ ਮੁਲਜ਼ਮਾਂ ਨੇ ਨੈਗੇਟਿਵ ਡੋਪ ਪ੍ਰੀਖਣ ਰਿਪੋਰਟ ਜਾਰੀ ਕਰਨ ਲਈ ਸ਼ਿਕਾਇਤਕਰਤਾ ਤੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅੱਗੇ ਦੀ ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਰੈਗੂਲਰ ਰੂਪ ਨਾਲ ਟੈਸਟ ਰਿਪੋਰਟਾਂ ਵਿਚ ਹੇਰ-ਫੇਰ ਕਰਨ ਲਈ ਰਿਸ਼ਵਤ ਲੈ ਰਹੇ ਸਨ, ਜਿਨ੍ਹਾਂ ਦੀ ਵਰਤੋਂ ਹਥਿਆਰ ਲਾਇਸੈਂਸ ਲਈ ਅਰਜ਼ੀ ਅਤੇ ਨਵੀਨੀਕਰਨ ਲਈ ਕੀਤੀ ਜਾਂਦੀ ਸੀ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੇ ਸਬੂਤ ਅਤੇ ਪਾਜ਼ੇਟਿਵ ਤੇ ਝੂਠੀ ਨੈਗੇਟਿਵ ਦੋਵੇਂ ਰਿਪੋਰਟਾਂ ਦਿੱਤੀਆਂ।
ਉਨ੍ਹਾਂ ਅੱਗੇ ਕਿਹਾ ਕਿ ਜਲੰਧਰ ਰੇਂਜ ਦੇ ਵਿਜੀਲੈਂਸ ਪੁਲਸ ਸਟੇਸ਼ਨ ਵਿਚ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7, 7-ਏ ਅਤੇ ਬੀ. ਐੱਨ. ਐੱਸ. ਦੀ ਧਾਰਾ 61 (2) ਤਹਿਤ ਮਾਮਲਾ ਐੱਫ. ਆਈ. ਆਰ. ਨੰਬਰ 19, ਮਿਤੀ 17 ਅਪ੍ਰੈਲ ਦਰਜ ਕੀਤਾ ਗਿਆ ਹੈ। ਡਾ. ਮੋਹਿਤਪਾਲ ਅਤੇ ਫ਼ਰਾਰ ਲੈਬ ਟੈਕਨੀਸ਼ੀਅਨ ਮਾਨ ਸਿੰਘ ਦੀ ਭੂਮਿਕਾ ਦੀ ਜਾਂਚ ਚੱਲ ਰਹੀ ਹੈ। ਵਿਜੀਲੈਂਸ ਵਿਭਾਗ ਇਸ ਮਾਮਲੇ ਵਿਚ ਹੋਰ ਸਟਾਫ਼ ਮੈਂਬਰਾਂ ਦੀ ਸ਼ਮੂਲੀਅਤ ਅਤੇ ਘਪਲੇ ਦੀ ਪੂਰੀ ਹੱਦ ਦੀ ਵੀ ਜਾਂਚ ਕਰ ਰਿਹਾ ਹੈ। ਉਨ੍ਹਾਂ ਸਾਫ਼ ਕਿਹਾ ਕਿ ਜੇਕਰ ਜਾਂਚ ਵਿਚ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ।
ਭ੍ਰਿਸ਼ਟਾਚਾਰ ਖ਼ਿਲਾਫ਼ ਵਿਭਾਗ ਦੀ ਮੁਹਿੰਮ ਜਾਰੀ ਰਹੇਗੀ : ਪਰਮਾਰ
ਸੂਬੇ ਦੇ ਵਿਜੀਲੈਂਸ ਚੀਫ ਡਾਇਰੈਕਟਰ ਸੁਰਿੰਦਰ ਸਿੰਘ ਪਰਮਾਰ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਵਿਭਾਗ ਦੀ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਸਾਫ ਕਿਹਾ ਕਿ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਸੂਬੇ ਵਿਚ ਸਾਰੇ ਵਿਭਾਗਾਂ ਨੂੰ ਖੁਲ੍ਹੇਆਮ ਚਿਤਾਵਨੀ ਦਿੰਦਿਆਂ ਕਿਹਾ ਕਿ ਸੂਬੇ ਦੇ ਸਾਰੇ ਲੋਕਾਂ ਦਾ ਕੰਮ ਸਹੀ ਸਮੇਂ ’ਤੇ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਰਿਸ਼ਵਤ ਮੰਗਦਾ ਜਾਂ ਲੈਂਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵਿਭਾਗ ਸੂਬੇ ਭਰ ਵਿਚ ਕਈ ਵਿਭਾਗਾਂ ਦੀ ਸਰਪ੍ਰਾਈਜ਼ ਚੈਕਿੰਗ ਕਰ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਵਿਭਾਗ ਦੀ ਇਹ ਮੁਹਿੰਮ ਜਾਰੀ ਰਹੇਗੀ। ਜੇਕਰ ਕੋਈ ਵੀ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਫੜਿਆ ਗਿਆ ਤਾਂ ਉਸ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਇਆ ਜਾਵੇਗਾ।