ਨਵੀਂ ਦਿੱਲੀ : ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਆਪਣੇ ਮੈਦਾਨ ’ਤੇ ਪਹਿਲੀ ਹਾਰ ਝੱਲਣ ਵਾਲੀ ਦਿੱਲੀ ਕੈਪੀਟਲਸ ਇਸ ਝਟਕੇ ਨੂੰ ਭੁਲਾ ਕੇ ਰਾਜਸਥਾਨ ਰਾਇਲਜ਼ ਵਿਰੁੱਧ ਬੁੱਧਵਾਰ ਨੂੰ ਆਈ. ਪੀ. ਐੱਲ. ਦੇ ਮੈਚ ਵਿਚ ਫਿਰ ਜਿੱਤ ਦੇ ਰਾਹ ’ਤੇ ਪਰਤਣ ਦੇ ਇਰਾਦੇ ਨਾਲ ਉਤਰੇਗੀ।
ਲਗਾਤਾਰ 4 ਮੈਚ ਜਿੱਤਣ ਤੋਂ ਬਾਅਦ ਅਕਸ਼ਰ ਪਟੇਲ ਦੀ ਕਪਤਾਨੀ ਵਾਲੀ ਦਿੱਲੀ ਟੀਮ ਨੂੰ ਐਤਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿਚ ਮੁੰਬਈ ਇੰਡੀਅਨਜ਼ ਨੇ ਹਰਾਇਆ ਸੀ। ਇਸ ਹਾਰ ਤੋਂ ਬਾਅਦ ਦਿੱਲੀ ਚੋਟੀ ਦੇ ਸਥਾਨ ਤੋਂ ਖਿਸਕ ਕੇ ਦੂਜੇ ਸਥਾਨ ’ਤੇ ਪਹੁੰਚ ਗਈ।
ਦੂਜੇ ਪਾਸੇ ਰਾਜਸਥਾਨ ਰਾਇਲਜ਼ 6 ਵਿਚੋਂ ਸਿਰਫ 2 ਮੈਚ ਜਿੱਤ ਕੇ 8ਵੇਂ ਸਥਾਨ ’ਤੇ ਹੈ। ਸੰਜੂ ਸੈਮਸਨ ਦੀ ਕਪਤਾਨੀ ਵਾਲੀ ਟੀਮ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਮੁੰਬਈ ਇੰਡੀਅਨਜ਼ ਵਿਰੁੱਧ ਦਿੱਲੀ ਲਈ ਘਰੇਲੂ ਕ੍ਰਿਕਟ ਦੇ ਧਾਕੜ ਕਰੁਣ ਨਾਇਰ ਨੇ ਡੈਬਿਊ ਕਰਦੇ ਹੋਏ 40 ਗੇਂਦਾਂ ਵਿਚ 89 ਦੌੜਾਂ ਬਣਾਈਆਂ। ਇਕ ਸਮੇਂ ਦਿੱਲੀ ਦਾ ਸਕੋਰ 11ਵੇਂ ਓਵਰ ਵਿਚ ਇਕ ਵਿਕਟ ’ਤੇ 119 ਦੌੜਾਂ ਸੀ ਪਰ ਇਸ ਤੋਂ ਬਾਅਦ 74 ਦੌੜਾਂ ਦੇ ਅੰਦਰ ਆਖਰੀ 9 ਵਿਕਟਾਂ ਗੁਆ ਦਿੱਤੀਆਂ। ਉਸਦੇ ਤਿੰਨ ਬੱਲੇਬਾਜ਼ 19ਵੇਂ ਓਵਰ ਦੀਆਂ ਆਖਰੀ 3 ਗੇਂਦਾਂ ’ਤੇ ਰਨ ਆਊਟ ਹੋਏ ਤੇ 12 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਦਿੱਲੀ ਕੋਲ ਇਸ ਹਾਰ ਦਾ ਦੁੱਖ ਮਨਾਉਣ ਦਾ ਸਮਾਂ ਨਹੀਂ ਸੀ ਕਿਉਂਕਿ ਦੋ ਦਿਨ ਦੇ ਅੰਦਰ ਹੀ ਉਸ ਨੂੰ ਰਾਇਲਜ਼ ਵਿਰੁੱਧ ਕੱਲ ਖੇਡਣਾ ਹੈ। ਦਿੱਲੀ ਲਈ ਇਕ ਵਾਰ ਫਿਰ ਸਫਲਤਾ ਦੀ ਕੁੰਜੀ ਸਪਿੰਨਰ ਸਾਬਤ ਹੋ ਸਕਦੇ ਹਨ। ਪਿਛਲੇ ਮੈਚ ਵਿਚ ਹਾਰ ਦੇ ਬਾਵਜੂਦ ਕੁਲਦੀਪ ਯਾਦਵ ਤੇ 20 ਸਾਲ ਵਿਪਰਾਜ ਨਿਗਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਅਕਸ਼ਰ ਹਾਲਾਂਕਿ ਓਨਾ ਪ੍ਰਭਾਵਿਤ ਨਹੀਂ ਕਰ ਸਕਿਆ ਹੈ ਤੇ 6 ਮੈਚਾਂ ਵਿਚ 14 ਓਵਰ ਕਰ ਕੇ ਵੀ ਉਸ ਨੂੰ ਵਿਕਟ ਨਹੀਂ ਮਿਲੀ। ਇਸ ਤੋਂ ਇਲਾਵਾ ਉਸ ਨੇ 10 ਤੋਂ ਵੱਧ ਦੀ ਦਰ ਦੇ ਨਾਲ ਪ੍ਰਤੀ ਓਵਰ ਦੌੜਾਂ ਦਿੱਤੀਆਂ ਹਨ। ਬੱਲੇਬਾਜ਼ੀ ਵਿਚ ਵੀ ਉਹ ਛਾਪ ਨਹੀਂ ਛੱਡ ਸਕਿਆ ਹੈ। ਪਿਛਲੇ ਸੈਸ਼ਨ ਵਿਚ ਹਮਲਾਵਰ ਪ੍ਰਦਰਸ਼ਨ ਕਰਨ ਵਾਲਾ ਜੈਕ ਫ੍ਰੇਜ਼ਰ ਮੈਕਗੁਰਕ ਲੈਅ ਵਿਚ ਨਹੀਂ ਹੈ ਤੇ ਅਜੇ ਤੱਕ ਸਿਰਫ 46 ਦੌੜਾਂ ਬਣਾ ਸਕਿਆ। ਫਾਫ ਡੂ ਪਲੇਸਿਸ ਸੱਟ ਕਾਰਨ ਬਾਹਰ ਹੈ ਤੇ ਨਾਇਰ ਦੀ ਜਗ੍ਹਾ ਟੀਮ ਵਿਚ ਪੱਕੀ ਲੱਗ ਰਹੀ ਹੈ। ਮੱਧਕ੍ਰਮ ਵਿਚ ਕੇ. ਐੱਲ. ਰਾਹੁਲ ਨੇ ਦਾਰੋਮਦਾਰ ਸੰਭਾਲ ਰੱਖਿਆ ਹੈ। ਉਸਦਾ ਸਾਥ ਦੇਣ ਲਈ ਟ੍ਰਿਸਟਨ ਸਟੱਬਸ, ਆਸ਼ੂਤੋਸ ਸ਼ਰਮਾ ਤੇ ਨਿਗਮ ਹੈ।
ਦੂਜੇ ਪਾਸੇ ਰਾਇਲਜ਼ ਦੀ ਸਮੱਸਿਆ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਘਾਟ ਹੈ। ਯਸ਼ਸਵੀ ਜਾਇਸਵਾਲ ਸਿਰਫ ਪਿਛਲੇ ਮੈਚ ਵਿਚ ਆਰ. ਸੀ. ਬੀ. ਵਿਰੁੱਧ ਅਰਧ ਸੈਂਕੜਾ ਬਣਾ ਸਕਿਆ ਹੈ। ਕਪਤਾਨ ਸੈਮਸਨ ਅਜੇ ਤੱਕ ਇਕ ਵੀ ਚੰਗੀ ਪਾਰੀ ਨਹੀਂ ਖੇਡ ਸਕਿਆ ਜਦਕਿ ਰਿਆਨ ਪ੍ਰਾਗ ਤੇ ਧਰੁਵ ਜੁਰੈਲ ਦਾ ਬੱਲਾ ਵੀ ਖਾਮੋਸ਼ ਹੈ। ਗੇਂਦਬਾਜ਼ੀ ਵਿਚ ਜੋਫ੍ਰਾ ਆਰਚਰ ਮਹਿੰਗਾ ਸਾਬਤ ਹੋਇਆ ਹੈ। ਸੰਦੀਪ ਸ਼ਰਮਾ ਨੂੰ ਛੱਡ ਕੇ ਕੋਈ ਵੀ ਗੇਂਦਬਾਜ਼ ਦੌੜਾਂ ’ਤੇ ਰੋਕ ਨਹੀਂ ਲਾ ਸਕਿਆ ਹੈ।