ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲ ਹੀ ਵਿਚ ਵਧੇ ਤਣਾਅ ਦਰਮਿਆਨ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਭਾਰਤ-ਪਾਕਿਸਤਾਨ ਸਰਹੱਦ 'ਤੇ ਮੌਜੂਦ ਇਕ ਭਾਰਤੀ ਸਰਹੱਦ ਸੁਰੱਖਿਆ ਫੋਰਸ (BSF) ਦਾ ਜਵਾਨ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ 'ਚ ਚੱਲਾ ਗਿਆ। ਜਿਸ ਤੋਂ ਬਾਅਦ ਪਾਕਿਸਤਾਨੀ ਰੇਂਜਰਸ ਨੇ ਉਸ ਨੂੰ ਫੜ ਲਿਆ ਅਤੇ ਹਿਰਾਸਤ 'ਚ ਲੈ ਲਿਆ।
ਮੀਡੀਆ ਰਿਪੋਰਟ ਮੁਤਾਬਕ BSF ਜਵਾਨ ਉਸ ਦਿਨ ਕਿਸਾਨਾਂ ਦੀ ਨਿਗਰਾਨੀ ਕਰ ਰਹੇ ਸਨ, ਜੋ ਸਰਹੱਦ ਨੇੜੇ ਕੰਟੀਲੀ ਤਾਰ ਦੇ ਦੂਜੇ ਪਾਸੇ ਫ਼ਸਲ ਕੱਟ ਰਹੇ ਸਨ। BSF ਜਵਾਨ ਆਮ ਤੌਰ 'ਤੇ ਕਿਸਾਨਾਂ ਨਾਲ ਰਹਿੰਦੇ ਹਨ ਅਤੇ ਉਨ੍ਹਾਂ ਨੂੰ 'ਗਾਰਡ' ਕਿਹਾ ਜਾਂਦਾ ਹੈ। ਕੰਟੀਲੀ ਤਾਰ ਜ਼ੀਰੋ ਲਾਈਨ ਤੋਂ ਪਹਿਲਾਂ ਲੱਗੀ ਹੁੰਦੀ ਹੈ, ਜਦਕਿ ਜ਼ੀਰੋ ਲਾਈਨ 'ਤੇ ਸਿਰਫ ਪਿੱਲਰ ਹੁੰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਨਿਗਰਾਨੀ ਦੌਰਾਨ ਜਵਾਨ ਗਰਮੀ ਕਾਰਨ ਇਕ ਦਰੱਖ਼ਤ ਦੀ ਛਾਂ ਹੇਠਾਂ ਬੈਠਣ ਲਈ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਵਿਚ ਚੱਲਾ ਗਿਆ, ਜਿੱਥੇ ਪਾਕਿਸਤਾਨ ਰੇਂਜਰਸ ਨੇ ਉਨ੍ਹਾਂ ਨੂੰ ਵੇਖ ਲਿਆ ਅਤੇ ਤੁਰੰਤ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।
ਪਾਕਿਸਤਾਨੀ ਰੇਂਜਰਸ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਉਨ੍ਹਾਂ ਦਾ ਹਥਿਆਰ ਵੀ ਕਬਜ਼ੇ ਵਿਚ ਲੈ ਲਿਆ। BSF ਅਧਿਕਾਰੀ ਇਸ ਘਟਨਾ ਮਗਰੋਂ ਤੁਰੰਤ ਸਰਹੱਦ 'ਤੇ ਪਹੁੰਚੇ ਅਤੇ ਜਵਾਨ ਨੂੰ ਛੁਡਵਾਉਣ ਲਈ ਪਾਕਿਸਤਾਨ ਰੇਂਜਰਸ ਨਾਲ ਫਲੈਗ ਮੀਟਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਹ ਮੀਟਿੰਗ ਦੇਰ ਰਾਤ ਤੱਕ ਜਾਰੀ ਰਹੀ। BSF ਵਲੋਂ ਫ਼ਿਲਹਾਲ ਇਸ ਘਟਨਾ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸ ਦੇਈਏ ਕਿ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤ-ਪਾਕਿਸਤਾਨ ਵਿਚਾਲੇ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਹੈ। ਇਸ ਦਰਮਿਆਨ BSF ਜਵਾਨ ਦਾ ਗਲਤੀ ਨਾਲ ਸਰਹੱਦ ਪਾਰ ਕਰ ਕੇ ਪਾਕਿਸਤਾਨ ਦੀ ਸਰਹੱਦ ਵਿਚ ਚਲੇ ਜਾਣ ਦੀ ਘਟਨਾ ਤੋਂ ਸਰਕਾਰ ਚਿੰਤਤ ਹੈ।
ਸਰਹੱਦ 'ਤੇ ਸਥਿਤੀ ਹੁਣ ਤਣਾਅਪੂਰਨ ਬਣੀ ਹੋਈ ਹੈ। BSF ਅਧਿਕਾਰੀ ਜਵਾਨ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਪਾਕਿਸਤਾਨ ਰੇਂਜਰਸ ਨਾਲ ਗੱਲਬਾਤ ਜਾਰੀ ਰੱਖੀ ਹੋਈ ਹੈ। ਦੋਹਾਂ ਦੇਸ਼ਾਂ ਵਿਚਾਲੇ ਸਰਹੱਦ 'ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰੱਖਦੇ ਹੋਏ, ਸਥਿਤੀ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।