ਗੁਰਦਾਸਪੁਰ : ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਖ਼ਿਲਾਫ਼ ਸਖ਼ਤ ਰਵੱਈਆ ਅਪਣਾਇਆ ਹੈ ਜਿਸਦੇ ਚਲਦਿਆਂ ਪਾਕਿਸਤਾਨ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ ਅਤੇ ਨਾਲ ਹੀ ਅਟਾਰੀ ਪੋਸਟ ਵੀ ਬੰਦ ਕਰ ਦਿੱਤੀ ਗਈ ਹੈ। ਇੱਥੋਂ ਤੱਕ ਕਿ ਅੰਬੈਸਡਰਾਂ ਨੂੰ ਵੀ ਵਾਪਸ ਜਾਣ ਦੇ ਹੁਕਮ ਦੇ ਦਿੱਤੇ ਹਨ।
ਇਹ ਸਭ ਦੇ ਚੱਲਦੇ ਕਰਤਾਰਪੁਰ ਕੋਰੀਡੋਰ ਜਿਸ ਰਸਤੇ ਤੋਂ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਜਾ ਰਹੇ ਹਨ ਉਸ 'ਤੇ ਫਿਲਹਾਲ ਕੋਈ ਵੀ ਫੈਸਲਾ ਨਹੀਂ ਲਿਆ ਗਿਆ। ਲੋਕ ਆਮ ਦਿਨਾਂ ਵਾਂਗ ਹੀ ਪਾਕਿਸਤਾਨ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਜਾ ਰਹੇ ਹਨ ।
ਜਦੋਂ ਇਨ੍ਹਾਂ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਜੋ ਕੀਤਾ ਗਲਤ ਕੀਤਾ ਪਰ ਕਰਤਾਰਪੁਰ ਸਾਹਿਬ ਆਸਥਾ ਦਾ ਸਥਾਨ ਹੈ, ਲੋਕ ਸ਼ਰਧਾ ਭਾਵਨਾ ਨਾਲ ਇੱਥੇ ਆਉਂਦੇ ਹਨ। ਉਨ੍ਹਾਂ ਕਿਹਾ ਹਾਲਾਤ ਕੁਝ ਵੀ ਬਣਨ ਪਰ ਕਰਤਾਰਪੁਰ ਕੋਰੀਡੋਰ ਬੰਦ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਆਸਥਾ ਦਾ ਕੇਂਦਰ ਹੈ।