ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਦੇ ਸੰਪਰਕ ਵਿੱਚ ਹੈ ਜਿੱਥੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਕਸ਼ਮੀਰੀਆਂ ਨੂੰ ਕਥਿਤ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਬਦੁੱਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ,"ਜੰਮੂ-ਕਸ਼ਮੀਰ ਸਰਕਾਰ ਉਨ੍ਹਾਂ ਰਾਜਾਂ ਦੀਆਂ ਸਰਕਾਰਾਂ ਦੇ ਸੰਪਰਕ 'ਚ ਹੈ ਜਿੱਥੋਂ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ। ਮੈਂ ਇਨ੍ਹਾਂ ਰਾਜਾਂ ਦੇ ਆਪਣੇ ਹਮਰੁਤਬਾ ਮੁੱਖ ਮੰਤਰੀਆਂ ਦੇ ਸੰਪਰਕ 'ਚ ਵੀ ਹਾਂ ਅਤੇ ਉਨ੍ਹਾਂ ਨੂੰ ਵਾਧੂ ਸਾਵਧਾਨੀ ਵਰਤਣ ਦੀ ਬੇਨਤੀ ਕੀਤੀ ਹੈ।"
ਉਨ੍ਹਾਂ ਨੇ ਸੱਤਾਧਾਰੀ ਨੈਸ਼ਨਲ ਕਾਨਫਰੰਸ ਦੇ ਬੁਲਾਰੇ ਇਮਰਾਨ ਨਬੀ ਡਾਰ ਦੀ ਉਸ 'ਪੋਸਟ' 'ਤੇ ਕਰਾਰ ਜਵਾਬ ਦਿੰਦੇ ਹੋਏ ਇਹ ਟਿੱਪਣੀ ਕੀਤੀ, ਜਿਸ 'ਚ ਉਨ੍ਹਾਂ ਨੇ ਕਸ਼ਮੀਰੀਆਂ ਨੂੰ ਪਰੇਸ਼ਾਨ ਕੀਤੇ ਜਾਣ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਅਬਦੁੱਲਾ ਤੋਂ ਦਖ਼ਲਅੰਦਾਜੀ ਕਰਨ ਦੀ ਅਪੀਲ ਕੀਤੀ ਸੀ। ਡਾਰ ਨੇ 'ਐਕਸ' 'ਤੇ ਲਿਖਿਆ,''ਦੇਸ਼ ਭਰ 'ਚ ਕਸ਼ਮੀਰੀ ਵਿਦਿਆਰਥੀਆਂ ਦੇ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਹੋਣ ਸੰਬੰਧੀ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਜਾ ਰਹੇ ਹਨ। ਮੈਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਸਾਹਿਬ ਨੂੰ ਅਪੀਲ ਕਰਦਾ ਹਾਂ ਕਿ ਉਹ ਤੁਰੰਤ ਦਖ਼ਲਅੰਦਾਜੀ ਕਰਨ ਅਤੇ ਦੇਸ਼ ਭਰ 'ਚ ਆਪਣੇ ਹਮਰੁਤਬਾ ਨਾਲ ਗੱਲ ਕਰਨ।'' ਦੱਸਣਯੋਗ ਹੈ ਕਿ ਦੱਖਣੀ ਕਸ਼ਮੀਰ ਦੇ ਪਹਿਲਗਾਮ 'ਚ ਮੰਗਲਵਾਰ ਦੁਪਹਿਰ ਨੂੰ ਹੋਏ ਇੱਕ ਅੱਤਵਾਦੀ ਹਮਲੇ 'ਚ 26 ਲੋਕ ਮਾਰੇ ਗਏ, ਜਿਨ੍ਹਾਂ 'ਚ ਜ਼ਿਆਦਾਤਰ ਸੈਲਾਨੀ ਸਨ। ਇਹ 2019 'ਚ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰ 'ਚ ਸਭ ਤੋਂ ਵੱਡਾ ਹਮਲਾ ਹੈ। ਪੁਲਵਾਮਾ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਸ ਬਲ (CRPF) ਦੇ 40 ਜਵਾਨ ਸ਼ਹੀਦ ਹੋ ਗਏ ਸਨ।