ਅੰਮ੍ਰਿਤਸਰ : ਜ਼ਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦੇ ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਨੇ ਵਿਭਾਗ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਿਕਵਰੀਆਂ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਪੁਰਾਣੇ ਪਏ ਇੰਤਕਾਲਾਂ ਦਾ ਨਿਪਟਾਰਾ ਮਿਥੇ ਸਮੇਂ ਅੰਦਰ ਕੀਤਾ ਜਾਵੇ। ਉਨ੍ਹਾਂ ਤਹਿਸੀਲਦਾਰਾਂ ਨੂੰ ਕਿਹਾ ਕਿ ਜਿਨ੍ਹਾਂ ਦੇ ਖੇਤਰਾਂ ਵਿਚ ਇੰਤਕਾਲ ਪੈਂਡਿੰਗ ਪਏ ਹਨ ’ਤੇ ਨਿੱਜੀ ਧਿਆਨ ਦੇ ਕੇ ਨੇਪਰੇ ਚਾੜਿਆ ਜਾਵੇ ਤਾਂ ਜੋ ਲੋਕਾਂ ਨੂੰ ਕਿਸ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਹ ਆਮ ਵੇਖਣ ਵਿਚ ਆ ਰਿਹਾ ਹੈ ਕਿ ਰਜਿਸਟਰੀ ਕਰਵਾਉਣ ਸਮੇਂ ਲੋਕਾਂ ਵੱਲੋਂ ਇੰਤਕਾਲ ਨਹੀਂ ਕਰਵਾਇਆ ਜਾਂਦਾ, ਜਿਸ ਕਰਕੇ ਵਿਭਾਗ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਡੀ. ਸੀ. ਸਾਕਸ਼ੀ ਸਾਹਨੀ ਨੇ ਕਿਹਾ ਕਿ ਸਰਕਾਰ ਦਾ ਅਕਸ ਆਪਣੇ ਕੀਤੇ ਕੰਮਾਂ ਨਾਲ ਹੀ ਬਣਨਾ ਹੁੰਦਾ ਹੈ ਸੋ ਦਫ਼ਤਰਾਂ ਵਿਚ ਆਪਣੇ ਕੰਮਾਂ ਲਈ ਆਉਂਦੇ ਲੋਕਾਂ ਨਾਲ ਸਲੀਕੇ ਨਾਲ ਪੇਸ਼ ਆਇਆ ਜਾਵੇ ਅਤੇ ਕਾਇਦੇ ਵਿਚ ਰਹਿੰਦੇ ਹੋਏ ਉਨ੍ਹਾਂ ਦੇ ਕੰਮ ਕੀਤੇ ਜਾਣ ਨਾ ਕਿ ਵਾਰ-ਵਾਰ ਦਫ਼ਤਰ ਆਉਣ ਲਈ ਮਜ਼ਬੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਫਾਈਲਾਂ ਦੇ ਨਬੇੜੇ ਦੇ ਨਾਲ-ਨਾਲ ਦਫ਼ਤਰ ਆਏ ਆਮ ਲੋਕਾਂ ਦੇ ਕੰਮ ਕਰਨੇ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਰਜਿਸਟਰੀਆਂ ਕਰਵਾਉਣ ਲਈ ਸਬ-ਰਜਿਸਟਰਾਰ ਦਫਤਰਾਂ ਵਿਚ ਆਉਂਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਸੰਬੰਧਤ ਸਬ ਰਜਿਸਟਰਾਰ ਖੁਦ ਧਿਆਨ ਦੇਣ। ਜ਼ਮੀਨਾਂ ਦਾ ਇੰਦਰਾਜ ਆਨਲਾਈਨ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕ ਘਰ ਬੈਠੇ ਹੀ ਆਪਣੇ ਇੰਤਕਾਲ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ।
ਵੀਡੀਓ ਕਾਨਫਰਿੰਸਗ ਰਾਹੀ ਐੱਸ. ਡੀ. ਐੱਮ. ਬਾਬਾ ਬਕਾਲਾ ਅਮਨਦੀਪ ਸਿੰਘ, ਐੱਸ. ਡੀ. ਐੱਮ. ਅਜਨਾਲਾ ਰਵਿੰਦਰ ਸਿੰਘ ਅਰੋੜਾ, ਜ਼ਿਲ੍ਹਾ ਮਾਲ ਅਫ਼ਸਰ ਨਵਕਿਰਤ ਸਿੰਘ ਰੰਧਾਵਾ ਨਾਲ ਮੀਟਿੰਗ ਕਰਦਿਆਂ ਡੀ. ਸੀ ਨੇ ਕਿਹਾ ਕਿ ਪਿਛਲੇ ਦਿਨੀਂ ਗੜੇਮਾਰੀ ਨਾਲ ਖ਼ਰਾਬ ਹੋਈਆਂ ਫਸਲਾਂ ਦੇ ਲਾਭਪਾਤਰੀਆਂ ਨੂੰ ਤੁਰੰਤ ਮੁਆਵਜ਼ੇ ਵੰਡੇ ਜਾਣ ਅਤੇ ਇਸ ਕੰਮ ਵਿਚ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸੰਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਆਪਣੇ ਅਧੀਨ ਪੈਂਦੇ ਪਟਵਾਰੀਆਂ ਰਾਹੀ ਡਿਜੀਟਲ ਕਰੋਪਸ ਸਰਵੇ ਵਿਚ ਫਸਲਾਂ ਦੀ ਫੋਟੋਗ੍ਰਾਫੀ ਨੂੰ ਕਰਨਾ ਯਕੀਨੀ ਬਣਾਇਆ ਜਾਵੇ।