ਆਈ.ਪੀ.ਐੱਲ. 2025 'ਚ ਅੱਜ ਪੰਜਾਬ ਕਿੰਗਜ਼ ਤੇ ਰਾਇਲ ਚੈਲੰਜਰਜ਼ ਬੰਗਲੁਰੂ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੁਕਾਬਲਾ ਬੰਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ। ਪੁਆਇੰਟ ਟੇਬਲ 'ਚ ਇਸ ਸਮੇਂ ਦੋਵੇਂ ਟੀਮਾਂ 6 'ਚੋਂ 4-4 ਮੁਕਾਬਲੇ ਜਿੱਤ ਕੇ 8-8 ਅੰਕਾਂ ਦੀ ਬਰਾਬਰੀ 'ਤੇ ਹਨ, ਪਰ ਨੈੱਟ ਰਨਰੇਟ ਦੇ ਆਧਾਰ 'ਤੇ ਆਰ.ਸੀ.ਬੀ. ਤੀਜੇ, ਜਦਕਿ ਪੰਜਾਬ ਚੌਥੇ ਸਥਾਨ 'ਤੇ ਕਾਬਜ਼ ਹੈ।
ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਪੰਜਾਬ ਕਿੰਗਜ਼ ਜਿੱਥੇ ਪਿਛਲੇ ਮੁਕਾਬਲੇ 'ਚ 111 ਦੌੜਾਂ ਦੇ ਟੀਚੇ ਦਾ ਬਚਾਅ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾ ਕੇ ਆਈ ਹੈ, ਉੱਥੇ ਹੀ ਆਰ.ਸੀ.ਬੀ. ਨੇ ਵੀ ਪਿਛਲੇ ਮੁਕਾਬਲੇ 'ਚ ਰਾਜਸਥਾਨ ਰਾਇਲਜ਼ ਨੂੰ 9 ਵਿਕਟਾਂ ਨਾਲ ਧੂੜ ਚਟਾਈ ਸੀ। ਇਸ ਤਰ੍ਹਾਂ ਇਹ ਦੋਵੇਂ ਟੀਮਾਂ ਆਪਣੇ ਪਿਛਲੇ ਮੁਕਾਬਲੇ ਜਿੱਤ ਕੇ ਅੱਜ ਫ਼ਿਰ ਤੋਂ ਜਿੱਤਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰਨਗੀਆਂ।
ਹੁਣ ਤੱਕ ਦੋਵੇਂ ਟੀਮਾਂ 33 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋਂ 17 ਵਾਰ ਪੰਜਾਬ ਨੇ ਬਾਜ਼ੀ ਮਾਰੀ ਹੈ, ਜਦਕਿ 16 ਵਾਰ ਆਰ.ਸੀ.ਬੀ. ਨੇ ਜਿੱਤ ਦਰਜ ਕੀਤੀ ਹੈ। ਇਸ ਦੌਰਾਨ ਪੰਜਾਬ ਦਾ ਸਭ ਤੋਂ ਵੱਡਾ ਸਕੋਰ 232 ਦੌੜਾਂ ਰਿਹਾ ਹੈ, ਜਦਕਿ ਬੈਂਗਲੁਰੂ ਦਾ ਸਭ ਤੋਂ ਵੱਡਾ ਸਕੋਰ 241 ਦੌੜਾਂ ਰਿਹਾ।
ਪਿੱਚ ਰਿਪੋਰਟ
ਜੇਕਰ ਮੈਦਾਨ ਦੀ ਗੱਲ ਕਰੀਏ ਤਾਂ ਐੱਮ. ਚਿੰਨਾਸਵਾਮੀ ਦੀ ਗ੍ਰਾਊਂਡ ਬੱਲੇਬਾਜ਼ਾਂ ਲਈ ਵਰਦਾਨ ਮੰਨੀ ਜਾਂਦੀ ਹੈ। ਇੱਥੇ ਅਕਸਰ ਹੀ ਹਾਈ ਸਕੋਰਿੰਗ ਮੁਕਾਬਲੇ ਦੇਖੇ ਜਾਂਦੇ ਹਨ। ਪਹਿਲੀ ਪਾਰੀ ਦਾ ਔਸਤ ਸਕੋਰ ਵੀ ਇੱਥੇ 177 ਦੌੜਾਂ ਹੈ। ਤੇਜ਼ ਗੇਂਦਬਾਜ਼ਾਂ ਨੂੰ ਸ਼ੁਰੂਆਤ 'ਚ ਕੁਝ ਮਦਦ ਮਿਲਦੀ ਹੈ, ਪਰ ਬਾਅਦ 'ਚ ਸ਼ਾਟ ਲਗਾਉਣੇ ਸੌਖੇ ਹੋ ਜਾਂਦੇ ਹਨ।