ਮਧੁਬਨੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਬਿਹਾਰ ਦੇ ਮਧੁਬਨੀ 'ਚ ਪਹਿਲਗਾਮ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਮਿੰਟ ਦਾ ਮੌਨ ਰੱਖਿਆ। ਬਿਹਾਰ ਦੇ ਮਧੁਬਨੀ 'ਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ 'ਤੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ,''ਆਓ ਅਸੀਂ ਸਾਰੇ ਇਸ ਦੁਖ ਦੀ ਘੜੀ 'ਚ ਇਕੱਠੇ ਖੜ੍ਹੇ ਹੋਈਏ ਅਤੇ ਇਕ ਮਿੰਟ ਦਾ ਮੌਨ ਰੱਖੀਏ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਕੁਝ ਮਿੰਟਾ ਦਾ ਮੌਨ ਰੱਖੀਏ।'' ਪ੍ਰਧਾਨ ਮੰਤਰੀ ਨੇ 'ਓਮ ਸ਼ਾਂਤੀ' ਦਾ ਜਾਪ ਵੀ ਕੀਤਾ। ਇਸ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਪੂਰਾ ਦੇਸ਼ ਅੱਤਵਾਦ ਖ਼ਿਲਾਫ਼ ਲੜਾਈ 'ਚ ਇਕਜੁਟ ਹੈ।
ਪੀ.ਐੱਮ. ਮੋਦੀ ਨੇ ਕਿਹਾ,''ਪਹਿਲਗਾਮ 'ਚ ਅੱਤਵਾਦੀਆਂ ਨੇ ਜਿਸ ਤਰੀਕੇ ਨਾਲ ਬੇਕਸੂਰ ਲੋਕਾਂ ਦਾ ਕਤਲ ਕੀਤਾ, ਉਸ ਨਾਲ ਦੇਸ਼ਵਾਸੀ ਹੈਰਾਨ ਹਨ; ਦੇਸ਼ ਉਨ੍ਹਾਂ ਨਾਲ ਹੈ।'' ਉਨ੍ਹਾਂ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ 'ਚ ਸ਼ਾਮਲ ਅਤੇ ਇਸ ਦੀ ਸਾਜਿਸ਼ ਦਾ ਹਿੱਸਾ ਰਹੇ ਲੋਕਾਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇਗੀ ਕਿ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਪੀ.ਐੱਮ. ਮੋਦੀ ਨੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਅੱਜ, ਬਿਹਾਰ ਦੀ ਧਰਤੀ ਤੋਂ, ਮੈਂ ਪੂਰੀ ਦੁਨੀਆ ਨੂੰ ਕਹਿੰਦਾ ਹਾਂ ਕਿ ਭਾਰਤ ਹਰ ਅੱਤਵਾਦੀ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਪਛਾਣ ਕਰੇਗਾ, ਉਨ੍ਹਾਂ ਦਾ ਪਤਾ ਲਗਾਏਗਾ ਅਤੇ ਉਨ੍ਹਾਂ ਨੂੰ ਸਜ਼ਾ ਦੇਵੇਗਾ।'' ਦੱਸਣਯੋਗ ਹੈ ਕਿ ਦੱਖਣੀ ਕਸ਼ਮੀਰ ਦੇ ਪਹਿਲਗਾਮ 'ਚ ਮੰਗਲਵਾਰ ਦੁਪਹਿਰ ਨੂੰ ਹੋਏ ਇੱਕ ਅੱਤਵਾਦੀ ਹਮਲੇ 'ਚ 26 ਲੋਕ ਮਾਰੇ ਗਏ, ਜਿਨ੍ਹਾਂ 'ਚ ਜ਼ਿਆਦਾਤਰ ਸੈਲਾਨੀ ਸਨ। ਇਹ 2019 'ਚ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰ 'ਚ ਸਭ ਤੋਂ ਵੱਡਾ ਹਮਲਾ ਹੈ। ਪੁਲਵਾਮਾ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਸ ਬਲ (CRPF) ਦੇ 40 ਜਵਾਨ ਸ਼ਹੀਦ ਹੋ ਗਏ ਸਨ।